ਤਲਵਾੜਾ, 5 ਅਪ੍ਰੈਲ (ਐੱਚ. ਐੱਸ. ਮਿੱਠੂ)-ਦਸੂਹਾ ਵਿਧਾਨ ਸਭਾ ਹਲਕੇ ਵਿਚ ਸਾਬਕਾ ਵਿਧਾਇਕ ਅਰੁਣ ਮਿੱਕੀ ਡੋਗਰਾ ਦਾ ਜਨ ਅਧਾਰ ਦਿਨੋਂ-ਦਿਨ ਵਧਦਾ ਨਜ਼ਰ ਆ ਰਿਹਾ ਹੈ | ਹਾਲ ਹੀ ਵਿਚ ਉਨ੍ਹਾਂ ਵਲੋਂ ਦਸੂਹੇ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿੱਚ ਕੀਤੇ ਗਏ ਦੌਰਿਆਂ ਦੌਰਾਨ ਲੋਕਾਂ ਵੱਲੋਂ ਮਿਲ ਰਹੇ ਵੱਡੇ ਪੱਧਰ 'ਤੇ ਸਹਿਯੋਗ ਅਤੇ ਸਤਿਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ | ਕੰਡੀ, ਬੇਟ ਅਤੇ ਦਸੂਹਾ ਦੇ ਕਈ ਖੇਤਰਾਂ ਵਿੱਚ ਮਿੱਕੀ ਡੋਗਰਾ ਲਗਾਤਾਰ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਂਦੇ ਹੋਏ ਜ਼ਮੀਨੀ ਪੱਧਰ 'ਤੇ ਸਰਗਰਮ ਦਿਖਾਈ ਦੇ ਰਹੇ ਹਨ | ਸਮਾਜਿਕ ਅਤੇ ਧਾਰਮਿਕ ਸਮਾਗਮਾਂ ਵਿੱਚ ਉਨ੍ਹਾਂ ਦੀ ਹਾਜ਼ਰੀ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ | ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਮਿੱਕੀ ਡੋਗਰਾ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿੱਚ ਨਾਲ ਖੜ੍ਹੇ ਰਹੇ ਹਨ, ਜਿਸ ਕਰਕੇ ਉਨ੍ਹਾਂ ਦੀ ਲੋਕਪਿ੍ਯਤਾ ਵਿਚ ਹੋਰ ਵਾਧਾ ਹੋ ਰਿਹਾ ਹੈ | ਉਹ ਮਿੱਕੀ ਡੋਗਰਾ ਨੂੰ ਮੁੜ ਹਲਕੇ ਦੀ ਅਗਵਾਈ ਕਰਦੇ ਦੇਖਣਾ ਚਾਹੁੰਦੇ ਹਨ | ਰਾਜਨੀਤਿਕ ਮਾਹਿਰਾਂ ਦੇ ਅਨੁਸਾਰ, ਜਿਵੇਂ-ਜਿਵੇਂ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਮਿੱਕੀ ਡੋਗਰਾ ਦੀ ਵਧਦੀ ਸਰਗਰਮੀ ਅਤੇ ਲੋਕਾਂ ਦਾ ਵਧਦਾ ਭਰੋਸਾ ਉਨ੍ਹਾਂ ਨੂੰ ਇੱਕ ਮਜ਼ਬੂਤ ਉਮੀਦਵਾਰ ਵਜੋਂ ਅੱਗੇ ਲਿਆ ਰਿਹਾ ਹੈ | ਹਲਕੇ ਦੀ ਸਿਆਸਤ ਵਿਚ ਇਹ ਨਵਾਂ ਰੁਝਾਨ ਆਉਣ ਵਾਲੇ ਸਮੇਂ ਵਿਚ ਦਿਲਚਸਪ ਮੋੜ ਲਿਆ ਸਕਦਾ ਹੈ |