ਦਸੂਹਾ, 5 ਅਪ੍ਰੈਲ (ਭੁੱਲਰ)-ਗੈਸ ਏਜੰਸੀ ਦਸੂਹਾ ਦੇ ਮਾਲਕ ਜਗਦੀਸ਼ ਸਿੰਘ ਸੋਈ ਨੇ ਕਿਹਾ ਕਿ ਦੇਸ਼ ਵਿਚ ਐਸਮਾ ਲੱਗਿਆ ਹੋਇਆ ਹੈ ਅਤੇ ਇਸ ਔਖੇ ਸਮੇਂ ਖਪਤਕਾਰਾਂ ਨੂੰ ਗੈਸ ਏਜੰਸੀ ਨਾਲ ਸਹਿਯੋਗ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਖਪਤਕਾਰ ਕਮਰਸ਼ੀਅਲ ਸਿਲੰਡਰ ਨਾ ਹੋਣ ਕਾਰਨ ਘਰੇਲੂ ਸਿਲੰਡਰ ਦਾ ਇਸਤੇਮਾਲ ਕਰ ਲੈਂਦੇ ਹਨ ਜੋ ਕਿ ਉਨ੍ਹਾਂ ਲਈ ਬੋਝ ਹੈ | ਖਪਤਕਾਰਾਂ ਵਲੋਂ ਕਮਰਸ਼ੀਅਲ ਸਿਲੰਡਰ ਨਾ ਮਿਲਣ ਕਰਕੇ ਘਰੇਲੂ ਗੈੱਸ ਦਾ ਇਸਤੇਮਾਲ ਕਰ ਲਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਘਰੇਲੂ ਗੈਸ ਸਿਲੰਡਰ ਖਪਤਕਾਰਾਂ ਵੱਲੋਂ ਹਲਵਾਈ ਨੂੰ ਦੇਣ ਦੀ ਸੂਰਤ ਵਿਚ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਏਜੰਸੀ ਵਲੋਂ ਘਰੇਲੂ ਗੈਸ ਦਾ ਕੰਟਰੋਲ ਕਰਨ ਲਈ 25 ਤੋਂ 45 ਦਿਨ ਦੀ ਬੁਕਿੰਗ ਦਾ ਸਮਾਂ ਕਰ ਦਿੱਤਾ ਗਿਆ ਹੈ ਜਦਕਿ ਘਰੇਲੂ ਸਿਲੰਡਰ ਦੀ ਕੋਈ ਵੀ ਸਮੱਸਿਆ ਦਰਪੇਸ਼ ਨਹੀਂ ਆ ਰਹੀ | ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਗੈੱਸ ਏਜੰਸੀ ਵਲੋਂ ਭੇਜਿਆ ਗਿਆ ਸਟਾਫ਼ ਵੱਧ ਪੈਸੇ ਮੰਗਦਾ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ ਤੇ ਉਨ੍ਹਾਂ ਨੂੰ ਵੱਧ ਪੈਸੇ ਬਿਲਕੁਲ ਨਾ ਦਿੱਤੇ ਜਾਣ | ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਆਪਣਾ ਓ.ਟੀ.ਪੀ ਨੰਬਰ ਦੇ ਕੇ ਕੈਸ਼ ਮੀਮੋ 'ਤੇ ਦਸਖ਼ਤ ਕਰਨ ਉਪਰੰਤ ਜਿੰਨੇ ਪੈਸੇ ਉੱਪਰ ਲਿਖੇ ਹਨ ਉੱਨੇ ਹੀ ਸਪਲਾਈ ਮੈਨਾਂ ਨੂੰ ਦੇਣ | ਉਨ੍ਹਾਂ ਖਪਤਕਾਰਾਂ ਕੋਲੋਂ ਇਸ ਔਖੇ ਸਮੇਂ ਦੌਰਾਨ ਸਹਿਯੋਗ ਦੀ ਮੰਗ ਕੀਤੀ | ਇਸ ਮੌਕੇ ਗੁਰਜੀਤ ਸਿੰਘ ਮਿੱਠੀ ਗਿੱਲ, ਮੈਨੇਜਰ ਗੁਰਪ੍ਰੀਤ ਸਿੰਘ ਤੇ ਹੋਰ ਵੀ ਏਜੰਸੀ ਦੇ ਅਹੁਦੇਦਾਰ ਹਾਜ਼ਰ ਸਨ |