ਹੁਸ਼ਿਆਰਪੁਰ, 8 ਅਪ੍ਰੈਲ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਉਨਾਂ ਮਾਰਗ 'ਤੇ ਪਿੰਡ ਅਲਾਹਾਬਾਦ 'ਚ ਲਾਵਾਰਸ ਹਾਲਤ 'ਚ ਮਿਲੀ ਨਵਜੰਮੀ ਬੱਚੀ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਸਥਾਨਕ ਹਸਪਤਾਲ ਤੋਂ ਅੰਮਿ੍ਤਸਰ ਭੇਜ ਦਿੱਤਾ ਗਿਆ ਹਾਲਾਂਕਿ ਪਿੰਡ ਦੇ ਸਰਪੰਚ ਦੀ ਸ਼ਿਕਾਇਤ 'ਤੇ ਥਾਣਾ ਸਦਰ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ, ਪਰ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਕੋਲ ਪਿੰਡ ਅਲਾਹਾਬਾਦ ਦੇ ਸਰਪੰਚ ਕਰਨੈਲ ਸਿੰਘ ਨੇ ਸ਼ਿਕਾਇਤ ਦਰਜ਼ ਕਰਵਾਈ ਸੀ | ਜਿਸ 'ਚ ਉਨ੍ਹਾਂ ਦੱਸਿਆ ਸੀ ਕਿ ਉਸਦੇ ਪਿੰਡ ਦੇ ਵਾਸੀ ਸੁਖਦੇਵ ਸਿੰਘ ਨੇ ਉਸ ਨੰੂ ਸੂਚਨਾ ਦਿੱਤੀ ਸੀ ਕਿ ਉਸ ਦੇ ਘਰ ਦੇ ਕੋਲ ਕੋਈ ਅਣਪਛਾਤੀ ਨਵਜੰਮੀ ਬੱਚੀ ਨੂੰ ਲਾਵਾਰਸ ਹਾਲਤ 'ਚ ਛੱਡ ਗਿਆ ਹੈ, ਜਿਸਦੇ ਬਾਅਦ ਤੁਰੰਤ ਇਸ ਸੰਬੰਧੀ ਪੁਲਿਸ ਹੈਲਪ ਲਾਈਨ 'ਤੇ ਸੂਚਨਾ ਦੇ ਦਿੱਤੀ ਗਈ ਸੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸੂਚਨਾ ਮਿਲਦੇ ਹੀ ਪੁਲਿਸ ਨੇ ਉਕਤ ਨਵਜੰਮੀ ਬੱਚੀ ਨੂੰ ਦੇਖਿਆ ਤਾਂ ਸਿਹਤ ਠੀਕ ਨਾ ਹੋਣ ਕਾਰਨ ਉਸ ਨੰੂ ਤੁਰੰਤ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ, ਜਿੱਥੇ ਉਸਦੀ ਚਿੰਤਾਜਨਕ ਹਾਲਤ ਨੂੰ ਦੇਖਦੇ ਹੋਏ ਉਸ ਨੰੂ ਅੰਮਿ੍ਤਸਰ ਭੇਜ ਦਿੱਤਾ ਗਿਆ | ਉਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਦੀ ਜਾਂਚ ਟੀਮ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ | ਉਸਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ |