ਦਸੂਹਾ, 10 ਅਪ੍ਰੈਲ (ਕੌਸ਼ਲ)- ਦਸੂਹਾ ਹਲਕੇ ਦੇ ਪਿੰਡ ਬਲਗਣ ਵਿਚ ਵਿਕਾਸ ਕਾਰਜਾਂ ਲਈ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ 5 ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਭੇਟ ਕੀਤਾ ਗਿਆ | ਇਹ ਰਕਮ ਉਸ ਪੰਚਾਇਤ ਨੂੰ ਸਨਮਾਨ ਵਜੋਂ ਦਿੱਤੀ ਗਈ ਹੈ ਜੋ ਹਾਲ ਹੀ ਵਿਚ ਹੋਈਆਂ ਗਰਾਮ ਪੰਚਾਇਤ ਚੋਣਾਂ ਵਿਚ ਸਰਬਸੰਮਤੀ ਨਾਲ ਚੁਣੀ ਗਈ ਸੀ | ਇਸ ਮੌਕੇ ਵਿਧਾਇਕ ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ਗਿਆ ਵਾਅਦਾ ਅੱਜ ਪੂਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜਿਹੜੀਆਂ ਪੰਚਾਇਤਾਂ ਬਿਨਾਂ ਮੁਕਾਬਲੇ ਦੇ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ, ਉਨ੍ਹਾਂ ਨੂੰ ਪਿੰਡ ਦੇ ਸਮੂਹਿਕ ਵਿਕਾਸ ਲਈ ਵਿਸ਼ੇਸ਼ ਸਨਮਾਨ ਰਾਸ਼ੀ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਫ਼ੰਡ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਰਤੇ ਜਾਣਗੇ, ਜਿਸ ਵਿਚ ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸੁਵਿਧਾ, ਗਲੀਆਂ-ਨਾਲੀਆਂ ਦੀ ਉਸਾਰੀ ਅਤੇ ਹੋਰ ਜਨਹਿਤ ਕਾਰਜ ਸ਼ਾਮਿਲ ਹਨ | ਵਿਧਾਇਕ ਨੇ ਪੰਚਾਇਤ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਇਹ ਰਕਮ ਪੂਰੀ ਪਾਰਦਰਸ਼ਤਾ ਨਾਲ ਲੋਕ ਭਲਾਈ ਦੇ ਕੰਮਾਂ 'ਤੇ ਖ਼ਰਚ ਕੀਤੀ ਜਾਵੇ ਤਾਂ ਜੋ ਪਿੰਡ ਦਾ ਸਰਵਪੱਖੀ ਵਿਕਾਸ ਸੰਭਵ ਹੋ ਸਕੇ | ਵਿਧਾਇਕ ਘੁੰਮਣ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਪੇਂਡੂ ਖੇਤਰਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੇ ਕਦਮਾਂ ਨਾਲ ਪਿੰਡਾਂ ਨੂੰ ਨਵਾਂ ਹੁਲਾਰਾ ਮਿਲੇਗਾ | ਇਸ ਮੌਕੇ ਅਸ਼ੋਕ ਕੁਮਾਰ, ਸਰਪੰਚ ਨਰਿੰਦਰ ਕੌਰ ਬਲਗਣ, ਪੰਚ ਧਰਮਪਾਲ ਸਿੰਘ, ਪੰਚ ਰੇਸ਼ਮ ਸਿੰਘ, ਪੰਚ ਬਲਵੀਰ ਸਿੰਘ, ਮਾਸਟਰ ਜੀਵਨ, ਪਿ੍ੰਸੀਪਲ ਅਮਰੀਕ ਸਿੰਘ, ਲੰਬੜਦਾਰ ਸੰਤੋਖ ਸਿੰਘ, ਸਮਿਤੀ ਮੈਂਬਰ ਗੁਰਪ੍ਰੀਤ ਸਿੰਘ ਲਵਲੀ, ਮਾਰਕੀਟ ਕਮੇਟੀ ਚੇਅਰਮੈਨ ਕੇ ਪੀ ਸੰਧੂ ਅਤੇ ਰਬਿੰਦਰ ਘੁੰਮਣ ਸਮੇਤ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ |