ਹੁਸ਼ਿਆਰਪੁਰ, 10 ਅਪ੍ਰੈਲ (ਬਲਜਿੰਦਰਪਾਲ ਸਿੰਘ)-ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਵਿਖੇ ਜਰਨੈਲ ਸਿੰਘ ਕੈਨੇਡਾ ਦੀ ਕਹਾਣੀ ਸਿਰਜਣ ਪ੍ਰਕਿਰਿਆ 'ਤੇ ਸ਼ਾਇਰ ਸੁਰਿੰਦਰ ਕੰਗਵੀ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ | ਇਸ ਮੌਕੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਲਈ ਜੀ ਆਇਆਂ ਸ਼ਬਦ ਆਖਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਨੇ ਡਾ. ਰਣਜੀਤ ਸਿੰਘ ਬਾਜਵਾ ਲੋਕਧਾਰਾ ਵਿਗਿਆਨੀ, ਤਿ੍ਪਤਾ ਕੇ. ਸਿੰਘ ਦੇ ਜੇਠ ਗੁਰਚਰਨ ਸਿੰਘ ਅਤੇ ਵੱਡੇ ਜੇਠ ਦੇ ਪੁੱਤਰ ਸੁਖਵਿੰਦਰ ਸਿੰਘ ਦੇ ਸਦੀਵੀ ਵਿਛੋੜੇ 'ਤੇ ਸ਼ੋਕ ਮਤਾ ਪੜਿ੍ਹਆ ਅਤੇ ਮੈਂਬਰਾਂ ਨੇ ਵਿੱਛੜੀਆਂ ਰੂਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ, ਉਪਰੰਤ ਕਹਾਣੀਕਾਰ ਜਰਨੈਲ ਸਿੰਘ ਦੇ ਜੀਵਨ ਅਤੇ ਲਿਖਤਾਂ ਸਬੰਧੀ ਦੱਸਿਆ | ਉਨ੍ਹਾਂ ਕਿਹਾ ਕਿ ਆਮ ਪਰਿਵਾਰ 'ਚੋਂ ਉੱਠੇ ਜਰਨੈਲ ਸਿੰਘ ਨੂੰ ਪੜ੍ਹਨ ਤੇ ਕਿਤਾਬਾਂ ਨਾਲ ਮੁਹੱਬਤ ਕਰਨ ਦੀ ਖਿੱਚ ਲੇਖਕ ਬਣਨ 'ਚ ਸਹਾਈ ਹੋਈ | 6 ਮੌਲਿਕ ਤੇ ਇਕ ਸੰਪਾਦਿਤ ਕਹਾਣੀ ਸੰਗ੍ਰਹਿਆਂ ਤੋਂ ਇਲਾਵਾ ਇਨ੍ਹਾਂ ਦੀ ਕਲਮ ਸਵੈਜੀਵਨੀ ਵੀ ਲਿਖ ਚੁੱਕੀ ਹੈ | ਭਾਸ਼ਾ ਵਿਭਾਗ ਦੇ ਸ਼੍ਰੋਮਣੀ ਪ੍ਰਵਾਸੀ ਸਾਹਿਤਕਾਰ ਪੁਰਸਕਾਰ 2011, ਕਾਲੇ ਵਰਕੇ ਕਹਾਣੀ ਸੰਗ੍ਰਹਿ ਬਦਲੇ 25000 ਡਾਲਰ ਦਾ ਢਾਹਾਂ ਅਵਾਰਡ ਤੋਂ ਇਲਾਵਾ ਹੋਰ ਵੀ ਅਨੇਕਾਂ ਸਨਮਾਨ ਉਨ੍ਹਾਂ ਦੀ ਝੋਲੀ ਪਏ ਹਨ | ਜਰਨੈਲ ਸਿੰਘ ਨੇ ਆਪਣੇ ਜੀਵਨ ਅਤੇ ਪੜ੍ਹਾਈ ਬਾਰੇ ਗੱਲ ਕਰਦਿਆਂ ਕਿਹਾ ਕਿ ਮੇਰੇ ਪਹਿਲੇ ਤਿੰਨ ਕਹਾਣੀ ਸੰਗ੍ਰਹਿਆਂ ਵਿਚ ਕਿਸਾਨੀ ਤੇ ਫ਼ੌਜੀ ਜੀਵਨ ਦੇ ਨਾਲ ਨਾਲ ਰਿਸ਼ਤਿਆਂ ਦੀ ਟੁੱਟ ਭੱਜ ਅਤੇ ਬਾਅਦ ਦੀਆਂ ਕਹਾਣੀਆਂ 'ਚ ਕੈਨੇਡਾ ਵੱਸਦੇ ਪੰਜਾਬੀਆਂ ਦੀਆਂ ਤਕਲੀਫ਼ਾਂ, ਪੀੜ੍ਹੀ ਪਾੜੇ, ਸਭਿਆਚਾਰਕ ਤਣਾਓ, ਟਕਰਾਓ ਦਾ ਗਲਪੀਕਰਨ ਮਿਲਦਾ ਹੈ | ਉਨ੍ਹਾਂ ਆਪਣੀਆਂ ਕਾਲੇ ਵਰਕੇ, ਟਾਵਰਜ਼, ਪੱਤਿਆਂ ਨਾਲ ਢਕੇ ਜਿਸਮ ਜਿਹੀਆਂ ਪ੍ਰਸਿੱਧ ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਬਾਰੇ ਲੰਬੇ ਬਿਰਤਾਂਤ ਸਾਂਝੇ ਕੀਤੇ | ਉਪਰੰਤ ਉਨ੍ਹਾਂ ਡਾ. ਕਰਮਜੀਤ ਸਿੰਘ, ਡਾ. ਸ਼ਮਸ਼ੇਰ ਮੋਹੀ, ਡਾ. ਹਰਪ੍ਰੀਤ ਸਿੰਘ, ਡਾ. ਦਰਸ਼ਨ ਸਿੰਘ, ਕੁਲਤਾਰ ਸਿੰਘ ਕੁਲਤਾਰ, ਸਤੀਸ਼ ਕੁਮਾਰ, ਡਾ. ਕੁਲਦੀਪ ਸਿੰਘ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ | ਇਸ ਮੌਕੇ ਕਵੀ ਦਰਬਾਰ 'ਚ ਕਵੀਆਂ ਮਦਨ ਵੀਰਾ, ਤੀਰਥ ਚੰਦ ਸਰੋਆ, ਜਸਵੰਤ ਸਿੰਘ, ਹਰਦਿਆਲ ਹੁਸ਼ਿਆਰਪੁਰੀ, ਰਜਿੰਦਰ ਸਚਦੇਵਾ, ਅਸ਼ੋਕ ਪੁਰੀ, ਰਾਜ ਕੁਮਾਰ ਘਾਸੀਪੁਰੀਆ, ਰਬਿੰਦਰ ਸ਼ਰਮਾ, ਰਵੀ ਸਿੰਘ, ਲਖਵਿੰਦਰ ਰਾਮ, ਸ਼ਸ਼ੀ ਕੁਮਾਰ, ਜਗਮੋਹਨ ਸਿੰਘ, ਕਰਮਜੀਤ ਸਿੰਘ, ਹਰਜੀਤ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਪ੍ਰਧਾਨ ਸੁਰਿੰਦਰ ਕੰਗਵੀ ਨੇ ਸਾਰਿਆਂ ਦਾ ਧੰਨਵਾਦ ਕੀਤਾ |