ਗੜ੍ਹਸ਼ੰਕਰ, 15 ਅਪ੍ਰੈਲ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਚੌਂਕ 'ਚ ਡਾ. ਬੀ. ਆਰ. ਅੰਬੇਡਕਰ ਦਾ ਬੁੱਤ ਲਗਾਉਣ ਦੇ ਮਾਮਲੇ 'ਚ ਆਰ.ਟੀ.ਆਈ. ਕਾਰਕੁੰਨ ਪਰਵਿੰਦਰ ਸਿੰਘ ਕਿੱਤਣਾ ਵਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਐੱਸ. ਡੀ. ਐੱਮ. ਗੜ੍ਹਸ਼ੰਕਰ ਨੂੰ ਇਕ ਦਰਖਾਸਤ ਭੇਜ ਕੇ ਬੁੱਤ ਨੂੰ ਉਚਿਤ ਥਾਂ 'ਤੇ ਸ਼ਿਫਟ ਕਰਨ ਅਤੇ ਇਸ ਮਾਮਲੇ 'ਚ ਨਗਰ ਕੌਂਸਲ ਦੀ ਮਨਜ਼ੂਰੀ ਸਬੰਧੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ | ਪਰਵਿੰਦਰ ਸਿੰਘ ਕਿੱਤਣਾ ਨੇ ਦਰਖਾਸਤ 'ਚ ਕਿਹਾ ਕਿ ਜਿੱਥੇ ਇਹ ਬੁੱਤ ਲਗਾਇਆ ਗਿਆ ਹੈ ਉਹ ਥਾਂ ਅਣ-ਉੱਚਿਤ ਅਤੇ ਅਸੁਰੱਖਿਅਤ ਹੈ | ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਹੈ ਜਿਸ ਨਾਲ ਧੂੜ-ਮਿੱਟੀ ਜਾਂ ਹੋਰ ਗੰਦਗੀ ਬੁੱਤ 'ਤੇ ਪਵੇਗੀ | ਵਾਹਨਾਂ ਦੇ ਟਾਇਰਾਂ ਨਾਲ ਕੋਈ ਰੋੜਾ, ਪੱਥਰ ਜਾਂ ਹੋਰ ਚੀਜ਼ ਇਸ ਵਿਚ ਵੱਜਣ ਨਾਲ ਨੁਕਸਾਨ ਵੀ ਹੋ ਸਕਦਾ ਹੈ | ਭਾਵੇਂ ਬੁੱਤ ਲਗਾਉਣ ਵਾਲਿਆਂ ਦੀ ਮਨਸ਼ਾ ਕੁੱਝ ਵੀ ਹੋਵੇ ਪਰ ਜਿਸ ਤਰ੍ਹਾਂ ਇਸ ਨੂੰ ਰੱਖਿਆ ਗਿਆ ਹੈ ਉਹ ਮਹਾਨ ਸਖਸ਼ੀਅਤ ਦਾ ਨਿਰਾਦਰ ਕਰਨ ਦੇ ਤੁੱਲ ਹੈ | ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਪੁਲਿਸ ਪਹਿਲਾਂ ਹੀ ਇਥੋਂ 15 ਕਿਲੋਮੀਟਰ ਦੂਰ ਸੁੰਨਸਾਨ ਜਗ੍ਹਾ ਵਿਚ ਲੱਗੇ ਡਾ. ਅੰਬੇਡਕਰ ਦੇ ਬੁੱਤ ਦਾ ਨਿਰਾਦਰ ਕਰਨ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ | ਅਜਿਹੀ ਸਥਿਤੀ ਵਿਚ ਹੋਰ ਅਣ-ਉੱਚਿਤ ਤਰੀਕੇ ਨਾਲ ਹੋਰ ਬੁੱਤ ਲਗਾਉਣਾ ਪ੍ਰਵਾਨ ਕਰਨ ਯੋਗ ਨਹੀਂ ਹੈ | ਉਨ੍ਹਾਂ ਮੰਗ ਕੀਤੀ ਕਿ ਬੁੱਤ ਨੂੰ ਸਤਿਕਾਰ ਸਹਿਤ ਕਿਸੇ ਹੋਰ ਉਚਿੱਤ ਥਾਂ 'ਤੇ ਸ਼ਿਫਟ ਕੀਤਾ ਜਾਵੇ | ਇਹ ਜਾਂਚ ਕਰਵਾਈ ਜਾਵੇ ਕਿ ਬੁੱਤ ਲਗਾਉਣ ਵਾਲੇ ਵਿਅਕਤੀਆਂ ਨੇ ਨੰਗਲ ਚੌਂਕ ਦਾ ਨਾਂ ਬਦਲਣ ਜਾਂ ਬੁੱਤ ਲਗਾਉਣ ਲਈ ਨਗਰ ਕੌਂਸਲ ਜਾਂ ਸਮਰੱਥ ਅਧਿਕਾਰੀ ਤੋਂ ਮਨਜ਼ੂਰੀ ਲਈ ਸੀ ਜਾਂ ਨਹੀਂ | ਜੇਕਰ ਨਗਰ ਕੌਂਸਲ ਜਾਂ ਸਮਰੱਥ ਅਧਿਕਾਰੀ ਵਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਤੇ ਕੁਝ ਵਿਅਕਤੀ ਸਿਰਫ ਰਾਜਸੀ ਲਾਹਾ ਲੈਣ ਲਈ ਮਨਮਰਜ਼ੀ ਨਾਲ ਚੌਂਕ ਦਾ ਨਾਮ ਬਦਲਣਾ ਜਾਂ ਬੁੱਤ ਲਗਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇ | ਉਨ੍ਹਾਂ ਇਹ ਵੀ ਯਕੀਨੀ ਬਣਾਉਣ ਦੀ ਮੰਗ ਕੀਤੀ ਕਿ ਜੇਕਰ ਭਵਿੱਖ ਵਿਚ ਕੋਈ ਵਿਅਕਤੀ ਜਾਂ ਸੰਸਥਾ ਕਿਸੇ ਚੌਂਕ ਦਾ ਨਾਮ ਬਦਲਣਾ ਚਾਹੇ ਜਾਂ ਕੋਈ ਬੁੱਤ ਵਗੈਰਾ ਲਗਾਉਣਾ ਚਾਹੇ ਤਾਂ ਉਹ ਨਿਰਧਾਰਿਤ ਨਿਯਮਾਂ/ਸ਼ਰਤਾਂ ਮੁਤਾਬਕ ਹੀ ਲੱਗ ਸਕੇ |