ਹੁਸ਼ਿਆਰਪੁਰ, 16 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਹਲਕਾ ਚੱਬੇਵਾਲ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਬਜ਼ੀ ਦਾ ਖੇਤਰ ਹੋਣ ਦੇ ਚੱਲਦਿਆਂ ਟਿਊਬਵੈੱਲਾਂ ਦੀ ਬਿਜਲੀ ਦਿਨ ਸਮੇਂ ਕਰਨ ਦੀ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਅਤੇ ਸਾਬਕਾ ਚੇਅਰਮੈਨ ਕੁਲਦੀਪ ਕੁਮਾਰ ਲਵਲੀ ਬੱਡਲਾ ਦੀ ਅਗਵਾਈ 'ਚ ਪਾਵਰ ਕਾਮ ਦੇ ਐੱਸ.ਈ. ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ ਦੇ ਕੁੱਝ ਰਕਬੇ ਨੂੰ ਸਰਕਾਰ ਵਲੋਂ ਵਿਸ਼ੇਸ਼ ਤੌਰ 'ਤੇ ਸਬਜ਼ੀ ਦੀ ਕਾਸ਼ਤ ਵਾਲਾ ਰਕਬਾ ਐਲਾਨਿਆ ਗਿਆ ਹੈ, ਜਿੱਥੇ ਕਿਸਾਨਾਂ ਵਲੋਂ ਆਲੂ, ਮਟਰ ਅਤੇ ਗਾਜਰਾਂ ਸਮੇਤ ਹੋਰਨਾਂ ਸਬਜ਼ੀਆਂ ਦੀ ਬਿਜਾਈ ਕੀਤੀ ਜਾਂਦੀ ਹੈ | ਉਨਾਂ ਕਿਹਾ ਕਿ ਸਬਜ਼ੀ ਦੇ ਸੀਜ਼ਨ 'ਚ ਹਰੇਕ ਸਾਲ ਇਸ ਵਿਸ਼ੇਸ਼ ਖ਼ਿੱਤੇ 'ਚ ਨਿਰੰਤਰ ਬਿਜਲੀ ਦੀ ਸਪਲਾਈ ਦਿਨ ਸਮੇਂ 8 ਘੰਟੇ ਦਿੱਤੀ ਜਾਂਦੀ ਹੈ | ਉਨਾਂ ਕਿਹਾ ਕਿ ਅੱਜ ਦੇ ਸਮੇਂ 'ਚ ਸਪਲਾਈ ਘੱਟ ਦਿੱਤੀ ਜਾਂਦੀ ਹੈ, ਜਿਸਦੇ ਚੱਲਦਿਆਂ ਫ਼ਸਲਾਂ ਨੂੰ ਪਾਣੀ ਲਗਾਉਣ ਲਈ ਦਿੱਕਤ ਪੇਸ਼ ਆਉਂਦੀ ਹੈ | ਉਨਾਂ ਕਿਹਾ ਕਿ ਬਿਜਲੀ ਦੀ ਸਪਲਾਈ ਨਿਰੰਤਰ 8 ਘੰਟੇ ਦਿਨ ਸਮੇਂ ਕੀਤੀ ਜਾਵੇ | ਆਗੂਆਂ ਨੇ ਕਿਹਾ ਕਿ ਰਾਤ ਦੇ ਹਨੇਰੇ 'ਚ ਜੇਕਰ ਬਿਜਲੀ ਸਪਲਾਈ ਵੱਧ ਵੀ ਮਿਲਦੀ ਹੈ ਤਾਂ ਫ਼ਸਲਾਂ ਨੂੰ ਪਾਣੀ ਲਗਾਉਣਾ ਬੇਹੱਦ ਮੁਸ਼ਕਿਲ ਹੈ ਅਤੇ ਕਈ ਵਾਰ ਫ਼ਸਲਾਂ ਦਾ ਨੁਕਸਾਨ ਵੀ ਹੋ ਜਾਂਦਾ ਹੈ | ਆਗੂਆਂ ਨੇ ਕਿਹਾ ਕਿ ਇਸ ਸਮੱਸਿਆ ਨੂੰ ਧਿਆਨ 'ਚ ਰੱਖਿਆ ਜਾਵੇ | ਇਸ ਮੌਕੇ ਸੁਖਦੇਵ ਸਿੰਘ, ਗੁਰਬਚਨ ਸਿੰਘ, ਜਤਿੰਦਰ ਸਿੰਘ ਮਿੰਟੂ, ਰਸ਼ਪਾਲ ਸਿੰਘ, ਚਮਕੌਰ ਸਿੰਘ, ਦੁੱਖ ਭੰਜਨ ਸਿੰਘ, ਅਮਰਜੀਤ ਸਿੰਘ, ਜਤਿੰਦਰ ਸਿੰਘ, ਕੁਲਦੀਪ ਸਿੰਘ ਲਵਲੀ, ਗੁਰਪ੍ਰੀਤ ਸਿੰਘ ਹੂਕੜਾ, ਮਲਕੀਤ ਸਿੰਘ ਹੂਕੜਾ, ਬੱਬੀ ਹੂਕੜਾ, ਹੈਪੀ ਮੁਖਲਿਆਣਾ, ਰਵੀ ਕੁਮਾਰ, ਸੁਖਦੇਵ ਸਿੰਘ ਮੁਖਲਿਆਣਾ, ਇੰਦਰਜੀਤ ਸਿੰਘ, ਅਮਨਦੀਪ ਸਿੰਘ, ਰਾਮ ਚੰਦ, ਜਸਵੀਰ ਸਿੰਘ, ਤੀਰਥ ਸਿੰਘ, ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਮਨਦੀਪ ਸਿੰਘ,ਲੱਕੀ ਆਦਿ ਹਾਜ਼ਰ ਸਨ |