ਸੈਲਾ ਖ਼ੁਰਦ, 16 ਅਪ੍ਰੈਲ (ਹਰਵਿੰਦਰ ਸਿੰਘ ਬੰਗਾ)-ਸਥਾਨਕ ਕਸਬੇ ਤੋਂ ਕੁਆਂਟਮ ਪੇਪਰ ਮਿਲ ਤੇ ਪਿੰਡ ਜੱਸੋਵਾਲ ਜਾਣ ਵਾਲੀ ਸੰਪਰਕ ਸੜਕ 'ਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਨੇ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਹੈ, ਜਿਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਸਮੇਤ ਆਲੇ-ਦੁਆਲੇ ਰਿਹਾਇਸ਼ੀ ਘਰਾਂ ਦੇ ਲੋਕ ਅਤੇ ਦੁਕਾਨਦਾਰ ਡਾਢੇ ਪਰੇਸ਼ਾਨ ਹਨ | ਜ਼ਿਕਰਯੋਗ ਹੈ ਕਿ ਇਸ ਰੋਡ 'ਤੇ ਹਰ ਕਿਸਮ ਦੀਆਂ ਦੁਕਾਨਾਂ ਦੀ ਮਾਰਕੀਟ ਤੋਂ ਇਲਾਵਾ ਰਿਹਾਇਸ਼ੀ ਘਰਾਂ ਦੀ ਵਸੋਂ ਹੈ, ਜਿੰਨਾ ਦਾ ਮੁੱਖ ਰਸਤਾ ਸੜਕ ਵੱਲ ਹੈ ਪਰ ਸੜਕ ਅੱਗੇ ਸੀਵਰੇਜ ਦਾ ਗੰਦਾ ਪਾਣੀ ਬਲੋਕ ਹੋਇਆ ਛੱਪੜ ਬਣ ਗਿਆ ਹੈ | ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਆਉਣ ਲਈ ਪਰੇਸ਼ਾਨ ਹਨ | ਇਸ ਤੋਂ ਇਲਾਵਾ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੀ ਭਿਆਨਕ ਬਿਮਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਪੀੜਤ ਬਸਤੀ ਮਾਰਕੀਟ ਲੋਕਾਂ ਸਮੇਤ ਹੋਰ ਇਨਸਾਫ਼ ਪਸੰਦ ਲੋਕਾਂ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਤੁਰੰਤ ਗੰਦੇ ਪਾਣੀ ਦੀ ਨਿਕਾਸੀ ਦਾ ਸਿਸਟਮ ਅਨੁਸਾਰ ਕੰਮ ਕਰਕੇ ਸਮੱਸਿਆ ਦਾ ਹੱਲ ਕੀਤਾ ਜਾਵੇ, ਜਿਸ ਨਾਲ ਲੋਕ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕਣ |