ਗੜ੍ਹਦੀਵਾਲਾ, 16 ਅਪ੍ਰੈਲ (ਚੱਗਰ)-ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਧਨਵੰਤ ਸਿੰਘ, ਭਾਈ ਹਰਿੰਦਰ ਸਿੰਘ, ਬੀਬੀ ਦਰਸ਼ਨ ਕੌਰ ਨੰਗਲ, ਬੀਬੀ ਰਮਨਦੀਪ ਕੌਰ ਆਦਿ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ, ਜਦ ਕਿ ਸੰਤ ਸੇਵਾ ਸਿੰਘ ਨੇ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਗੁਰਮਤਿ ਅਨੁਸਾਰ ਵੈਸਾਖ ਮਹੀਨੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ ਜਿਸ ਦੌਰਾਨ 53 ਪ੍ਰਾਣੀਆਂ ਨੇ ਅੰਮਿ੍ਤਪਾਨ ਕੀਤਾ | ਜਦਕਿ ਗੁਰਦੁਆਰਾ ਸਾਹਿਬ ਵਲੋਂ ਲੋੜਵੰਦ ਅੰਮਿ੍ਤ ਅਭਿਲਾਸ਼ੀਆਂ ਨੂੰ ਕਕਾਰ ਮੁਫ਼ਤ ਦਿੱਤੇ ਗਏ | ਇਸ ਮੌਕੇ ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜਾ, ਭਾਈ ਸੁਖਵੀਰ ਸਿੰਘ ਚੋਹਕਾ, ਕੁਲਦੀਪ ਸਿੰਘ ਮਿਰਜ਼ਾਪੁਰ, ਗਿਆਨੀ ਹਰਭਜਨ ਸਿੰਘ, ਮਹੰਤ ਸੁਖਵਿੰਦਰ ਸਿੰਘ ਹੈੱਡ ਗ੍ਰੰਥੀ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |