ਹੁਸ਼ਿਆਰਪੁਰ, 17 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਤੇ ਡਾ. ਜਤਿੰਦਰ ਭਾਟੀਆ ਡਿਜਿਗਨੇਟਡ ਅਫ਼ਸਰ-ਕਮ-ਜਿਲ੍ਹਾ ਸਿਹਤ ਅਫ਼ਸਰ ਹੁਸ਼ਿਆਰਪੁਰ ਦੀ ਦੇਖ ਰੇਖ ਹੇਠ ਫੂਡ ਸੇਫ਼ਟੀ ਅਫ਼ਸਰ ਵਿਵੇਕ ਕੁਮਾਰ ਵਲੋਂ ਪ੍ਰਾਪਤ ਹੋਈ ਸ਼ਿਕਾਇਤ ਦੇ ਆਧਾਰ 'ਤੇ ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਸਥਿਤ ਪਿੰਡ ਡਵਿੱਡਾ ਅਹਿਰਾਣਾ ਵਿਖੇ ਇਕ ਗੁੜ ਦੇ ਬੇਲਣੇ ਤੋ ਗੁੜ੍ਹ ਅਤੇ ਸ਼ੱਕਰ ਦਾ ਇੱਕ ਇੱਕ ਐਨਫੋਰਸਮੈਟ ਸੈਂਪਲ ਲਿਆ ਗਿਆ ਤਾਂ ਜੋ ਸ਼ੂਗਰ ਦੀ ਮਿਲਾਵਟ ਦੀ ਜਾਂਚ ਕੀਤੀ ਜਾ ਸਕੇ | ਇਹ ਸੈਂਪਲ ਲੈਬ ਟੈੱਸਟ ਲਈ ਫੂਡ ਲੈਬ ਖਰੜ ਭੇਜੇ ਗਏ ਹਨ | ਰਿਪੋਰਟ ਪ੍ਰਾਪਤ ਹੋਣ ਉਪਰੰਤ ਜੇਕਰ ਕਿਸੇ ਸੈਂਪਲ ਵਿਚ ਮਿਆਰਾਂ ਦੀ ਉਲੰਘਣਾ ਜਾਂ ਮਿਲਾਵਟ ਪਾਈ ਗਈ ਤਾਂ ਸੰਬੰਧਿਤ ਵਿਕਰੇਤਾ ਖ਼ਿਲਾਫ਼ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਸ਼ਹਿਰ ਦੇ ਸਾਰੇ ਗੁੜ੍ਹ ਦੇ ਬੇਲਣੇ ਵਾਲਿਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਗੁੜ ਵਿਚ ਕਿਸੇ ਵੀ ਤਰ੍ਹਾਂ ਦੀ ਚੀਨੀ ਜਾਂ ਕੈਮੀਕਲ ਦੀ ਮਿਲਾਵਟ ਨਾ ਕੀਤੀ ਜਾਵੇ | ਜੇਕਰ ਜਾਂਚ ਦੌਰਾਨ ਕਿਸੇ ਦੇ ਵੀ ਗੁੜ੍ਹ ਵਿਚ ਮਿਲਾਵਟ ਪਾਈ ਜਾਂਦੀ ਹੈ ਤਾਂ ਉਸ ਖ਼ਿਲਾਫ਼ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਫੂਡ ਸੇਫ਼ਟੀ ਟੀਮ ਰਾਮ ਲੁਭਾਇਆ ਅਤੇ ਅਰਵਿੰਦਰਜੀਤ ਹਾਜ਼ਰ ਸਨ |