ਰਾਮਗੜ੍ਹ ਸੀਕਰੀ, 19 ਅਪ੍ਰੈਲ (ਕਟੋਚ)- ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਬਾਹਰੀ ਰਾਜਾਂ ਦੇ ਵਾਹਨਾਂ 'ਤੇ ਵਸੂਲਿਆ ਜਾ ਰਿਹਾ ਐਂਟਰੀ ਟੈਕਸ ਗੈਰ-ਸੰਵਿਧਾਨਿਕ ਅਤੇ ਸੁਤੰਤਰਤਾ ਦੇ ਅਧਿਕਾਰ ਦੇ ਖ਼ਿਲਾਫ਼ ਹੈ ਅਤੇ ਇਸ ਨੂੰ ਬਿਨਾਂ ਦੇਰੀ ਬੰਦ ਕਰਨਾ ਚਾਹੀਦਾ ਹੈ | ਇਲਾਕੇ ਦੇ ਨੌਜਵਾਨ ਆਗੂ ਅਤੇ ਸਮਾਜ ਸੇਵੀ ਅੰਕਿਤ ਰਾਣਾ ਨੇ ਉਕਤ ਮੰਗ ਕਰਦਿਆਂ ਕਿਹਾ ਕਿ ਇਸ ਟੈਕਸ ਦੀ ਸਭ ਤੋਂ ਵੱਧ ਮਾਰ ਪੰਜਾਬ-ਹਿਮਾਚਲ ਪ੍ਰਦੇਸ਼ ਦੇ ਸਰਹੱਦ ਤੇ ਸਥਿਤ ਬਲਾਕ ਤਲਵਾੜਾ ਦੇ ਪਿੰਡਾਂ ਦੇ ਲੋਕਾਂ ਨੂੰ ਪੈ ਰਹੀ ਹੈ ਜਿਨ੍ਹਾਂ ਦਾ ਆਉਣਾ ਜਾਣਾ ਹਿਮਾਚਲ ਪ੍ਰਦੇਸ਼ ਲਈ ਅਕਸਰ ਰਹਿੰਦਾ ਹੈ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਟੋਲ ਟੈਕਸ ਬੈਰੀਅਰ ਤੋਂ ਕਰੀਬ 10 ਕਿੱਲੋਮੀਟਰ ਦੀ ਦੂਰੀ ਤੱਕ ਦੇ ਪਿੰਡਾਂ ਦੇ ਲੋਕਾਂ ਨੂੰ ਐਂਟਰੀ ਟੈਕਸ ਦੀ ਵਸੂਲੀ ਤੋਂ ਰਾਹਤ ਦਿੱਤੀ ਜਾਵੇ | ਅੰਕਿਤ ਰਾਣਾ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਸੁਝਾਅ ਦਿੰਦਿਆਂ ਮੰਗ ਕੀਤੀ ਹੈ ਕਿ ਉਹ ਵੀ ਹਿਮਾਚਲ ਪ੍ਰਦੇਸ਼ ਦੇ ਵਾਹਨਾਂ 'ਤੇ ਮੋੜਵਾਂ ਐਂਟਰੀ ਟੈਕਸ ਲਗਾਏ |