ਹੁਸ਼ਿਆਰਪੁਰ, 23 ਅਪ੍ਰੈਲ (ਬਲਜਿੰਦਰਪਾਲ ਸਿੰਘ)-ਪਿੰਡਾਂ ਤੇ ਸ਼ਹਿਰਾਂ 'ਚ ਲਗਾਤਾਰ ਬਿਜਲੀ ਦੇ ਕੱਟ ਲੱਗਣ ਕਾਰਨ ਲੋਕ ਡਾਹਢੇ ਪ੍ਰੇਸ਼ਾਨ ਹਨ | ਇਕ ਪਾਸੇ ਮੌਸਮ 'ਚ ਇਕਦਮ ਤਬਦੀਲੀ ਆਉਣ ਕਾਰਨ ਤਾਪਮਾਨ 'ਚ ਬੇਹੱਦ ਵਾਧਾ ਹੋਇਆ ਹੈ ਦੂਸਰੇ ਪਾਸੇ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਲਈ ਵੀ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਦਿਨ ਵੇਲੇ ਕੱਟ ਲੱਗਣ ਨਾਲ ਨਾਲ ਨਾਲ ਰਾਤ ਪੈਣ ਸਮੇਂ ਅਤੇ ਦਿਨ ਚੜ੍ਹਨ ਵਾਲੇ ਕੰਮ ਦੇ ਟਾਈਮ ਪਾਵਰ ਕਾਮ ਵਲੋਂ ਪਿਛਲੇ ਦਿਨਾਂ ਤੋਂ ਕਈ ਕਈ ਘੰਟੇ ਬਿਜਲੀ ਦੇ ਅਨ ਐਲਾਨੇ ਕੱਟ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਰੋਜ਼ਾਨਾ 8 ਤੋਂ 10 ਘੰਟੇ ਤੱਕ ਲੰਬੇ-ਲੰਬੇ ਕੱਟ ਹਰ ਵਰਗ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਸਭ ਤੋਂ ਬੁਰਾ ਅਸਰ ਉਨ੍ਹਾਂ ਦੁਕਾਨਦਾਰਾਂ 'ਤੇ ਪੈ ਰਿਹਾ ਹੈ ਜਿਨ੍ਹਾਂ ਦਾ ਕਾਰੋਬਾਰ ਸਿਰਫ਼ ਬਿਜਲੀ 'ਦੇ ਨਿਰਭਰ ਹੈ | ਦੁਕਾਨਦਾਰ ਸਾਰਾ ਸਾਰਾ ਦਿਨ ਵਿਹਲੇ ਬੈਠੇ ਰਹਿੰਦੇ ਹਨ ਜਿਸਦੇ ਚੱਲਦਿਆਂ ਉਨ੍ਹਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ | ਇਸਦੇ ਨਾਲ ਹੀ ਸਕੂਲਾਂ ਕਾਲਜਾਂ 'ਚ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਿਜਲੀ ਸਰਪਲੱਸ ਹੋਣ ਦੇ ਦਾਅਵੇ ਕਰ ਰਹੇ ਹਨ ਪਰੰਤੂ ਸਚਾਈ ਇਸ ਤੋਂ ਕੋਹਾਂ ਦੂਰ ਹੈ |