ਹੁਸ਼ਿਆਰਪੁਰ, 23 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਪੰਜਾਬ ਸਰਕਾਰ ਵਲੋਂ ਵਰਧਮਾਨ ਸਪਿਨਿੰਗ ਮਿੱਲ ਦੇ ਸਹਿਯੋਗ ਨਾਲ ਬਲਾਕ ਹਾਰਟਾ-ਬੱਡਲਾ ਦੇ ਪਿੰਡ ਮੰਡਿਆਲਾਂ ਤੇ ਰਾਮ ਨਗਰ (ਢੇਹਾ) ਵਿਖੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਆਯੂਸ਼ਮਾਨ ਅਰੋਗਿਆ ਕੇਂਦਰ ਅਤੇ ਐੱਸ. ਐੱਚ. ਸੀ. ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸੀ. ਐੱਚ. ਸੀ. ਹਾਰਟਾ-ਬੱਡਲਾ ਡਾ.ਮਨਪ੍ਰੀਤ ਸਿੰਘ ਬੈਂਸ, ਵਰਧਮਾਨ ਸਪਿਨਿੰਗ ਮਿੱਲ ਦੇ ਡਾਇਰੈਕਟਰ ਤਰੁਣ ਚਾਵਲਾ, ਐੱਚ. ਆਰ. ਹੈੱਡ ਗੌਰਵ ਕਪੂਰ, ਸੀ.ਐਸ.ਆਰ. ਸੈਕਟਰੀ ਪ੍ਰਦੀਪ ਡਡਵਾਲ, ਸਿਵਲ ਇੰਜੀਨੀਅਰ ਨਰਿੰਦਰ ਸਿੰਘ, ਸਰਪੰਚ ਸੁਖਵੰਤ ਸਿੰਘ ਅਤੇ ਏ.ਏ.ਕੇ. ਤੇ ਐੱਸ.ਐੱਚ.ਸੀ. ਦੇ ਸਮੂਹ ਸਟਾਫ਼ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜ਼ਰ ਸਨ | ਇਸ ਮੌਕੇ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਸੁਚੱਜੇ ਢੰਗ ਨਾਲ ਪ੍ਰਦਾਨ ਕਰਨ ਅਤੇ ਲੋਕਾਂ ਦੀ ਸਿਹਤ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਹਮੇਸ਼ਾ ਵਚਨਬੱਧ ਹੈ | ਇਸ ਮੌਕੇ ਸਰਪੰਚ ਸੁਖਵੰਤ ਸਿੰਘ ਨੇ ਆਯੂਸ਼ਮਾਨ ਅਰੋਗਿਆ ਕੇਂਦਰ ਤੇ ਐਸ.ਐਚ.ਸੀ. ਦਾ ਨੀਂਹ ਪੱਥਰ ਰੱਖਣ ਲਈ ਪੰਜਾਬ ਸਰਕਾਰ ਅਤੇ ਵਰਧਮਾਨ ਸਪਿਨਿੰਗ ਮਿੱਲ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦਾ ਧੰਨਵਾਦ ਕੀਤਾ |