ਹੁਸ਼ਿਆਰਪੁਰ, 23 ਅਪ੍ਰੈਲ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਚੱਲ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ | ਉਨ੍ਹਾਂ ਐਨ.ਸੀ.ਡੀ ਕਲੀਨਿਕ ਤੇ ਈ-ਪੀ. ਐੱਮ. ਐੱਸ. ਐੱਮ. ਏ. ਅਧੀਨ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਜਾਂਚ ਕੀਤੀ | ਉਨ੍ਹਾਂ ਦੱਸਿਆ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਕੈਂਸਰ ਆਦਿ ਜਿਹੀਆਂ ਗੈਰ-ਸੰਚਾਰੀ ਬਿਮਾਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਲਈ ਇਨ੍ਹਾਂ ਦੀ ਸ਼ੁਰੂਆਤੀ ਪਛਾਣ ਜ਼ਰੂਰੀ ਹੈ | ਉਨ੍ਹਾਂ ਨੇ ਮੈਡੀਕਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 30 ਸਾਲ ਤੋਂ ਉੱਪਰ ਉਮਰ ਦੇ ਹਰ ਵਿਅਕਤੀ ਦੀ ਨਿਯਮਿਤ ਸਕ੍ਰੀਨਿੰਗ ਯਕੀਨੀ ਬਣਾਈ ਜਾਵੇ ਅਤੇ ਰਿਸਕ ਵਾਲੇ ਮਰੀਜ਼ਾਂ ਦੀ ਫਾਲੋਅਪ ਰਜਿਸਟਰੀ ਠੀਕ ਤਰੀਕੇ ਨਾਲ ਸੰਭਾਲੀ ਜਾਵੇ | ਇਸ ਤੋਂ ਇਲਾਵਾ ਉਨ੍ਹਾਂ ਨੇ ਦਵਾਈਆਂ ਦੀ ਉਪਲਬਧਤਾ, ਲੈਬ ਸਹੂਲਤਾਂ, ਮਰੀਜ਼ਾਂ ਲਈ ਕੌਂਸਲਿੰਗ ਸੇਵਾਵਾਂ ਅਤੇ ਰਿਕਾਰਡ ਮੈਨੇਜਮੈਂਟ ਦੀ ਵੀ ਜਾਂਚ ਕੀਤੀ | ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਦਵਾਈ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ, ਜਿਸ ਵਿਚ ਸੰਤੁਲਿਤ ਖੁਰਾਕ, ਨਿਯਮਿਤ ਕਸਰਤ ਅਤੇ ਤਣਾਅ ਪ੍ਰਬੰਧਨ ਸ਼ਾਮਲ ਹਨ | ਡਾ. ਰਣਜੀਤ ਸਿੰਘ ਨੇ ਗਰਭਵਤੀ ਮਹਿਲਾਵਾਂ ਦੀ ਰਜਿਸਟਰੇਸ਼ਨ, ਐੱਨ. ਟੀ. ਸੀ. ਕਾਰਡ, ਲੈਬ ਟੈਸਟਾਂ, ਅਲਟਰਾ ਸਾਊਾਡ ਤੇ ਡਾਕਟਰੀ ਸਲਾਹ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਜਾਂਚ ਅਤੇ ਸਲਾਹ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਮਾਤਾ ਅਤੇ ਸ਼ਿਸ਼ੂ ਮੌਤ ਦਰ ਨੂੰ ਘਟਾਇਆ ਜਾ ਸਕੇ | ਉਨ੍ਹਾਂ ਨੇ ਸਟਾਫ਼ ਨੂੰ ਨਿਰਦੇਸ਼ ਦਿੱਤੇ ਕਿ ਹਰ ਗਰਭਵਤੀ ਮਹਿਲਾ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਹਾਈ ਰਿਸਕ ਕੇਸਾਂ ਦੀ ਸਮੇਂ-ਸਿਰ ਪਛਾਣ ਕਰਕੇ ਉਨ੍ਹਾਂ ਨੂੰ ਉੱਚ ਸਿਹਤ ਸੰਸਥਾਵਾਂ ਵੱਲ ਰੈਫਰ ਕੀਤਾ ਜਾਵੇ | ਉਨ੍ਹਾਂ ਨੇ ਹਸਪਤਾਲ ਪ੍ਰਬੰਧਨ ਨੂੰ ਸਫਾਈ, ਮਰੀਜ਼ਾਂ ਦੀ ਸਹੂਲਤ ਅਤੇ ਸਮੇਂ-ਸਿਰ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਜੋਤ ਸਿੰਘ ਤੇ ਡਾ. ਨੇਹਾ ਪਾਲ ਆਦਿ ਮੌਜੂਦ ਸਨ |