ਮੁਕੇਰੀਆਂ, 23 ਅਪ੍ਰੈਲ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਵਿਚ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੇ ਧਰਤੀ ਦਿਵਸ 'ਤੇ ਸਕੂਲ ਕੈਂਪਸ ਵਿਚ ਧਰਤੀ ਦਿਵਸ ਨਾਲ ਸਬੰਧਿਤ ਵੱਖ-ਵੱਖ ਮੁਕਾਬਲੇ ਕਰਵਾਏ | ਇਸ ਸਾਲ ਦਾ ਥੀਮ 'ਸਾਡੀ ਸ਼ਕਤੀ, ਸਾਡਾ ਗ੍ਰਹਿ' ਸੀ | ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿਚ ਵਾਤਾਵਰਣ ਸੁਰੱਖਿਆ ਦੀ ਮਹੱਤਤਾ ਅਤੇ ਇਕ ਟਿਕਾਊ ਜੀਵਨ ਸ਼ੈਲੀ ਅਪਣਾਉਣ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਇਸ ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੇ ਉਦਘਾਟਨੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ 'ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਤੁਕ ਨਾਲ ਧਰਤੀ ਦੀ ਸੰਭਾਲ ਅਤੇ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਸਮਝਾਇਆ ਕਿ ਸਦੀਆਂ ਤੋਂ ਹੀ ਧਰਤੀ ਪੂਜਣ ਯੋਗ ਹੈ ਪਰ ਅਸੀਂ ਅੰਨੇ੍ਹਵਾਹ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਕਰ ਰਹੇ ਹਾਂ ਜਿਸ ਦੇ ਸਦਕਾ ਸਾਡੀ ਧਰਤੀ ਅਤੇ ਪੌਣ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ | ਇਸ ਗੱਲ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵਾਤਾਵਰਣ ਦੀ ਸੰਭਾਲ ਦੀ ਜ਼ਿੰਮੇਵਾਰੀ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਦਸਮੇਸ਼ ਗਰਲਜ਼ ਕਾਲਜ ਅਤੇ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਸਕੂਲ ਦੀ ਐਨ.ਐੱਸ.ਐੱਸ ਯੂਨਿਟ ਨੇ ਵਿਦਿਆਰਥੀਆਂ ਪਾਸੋਂ ਕਵਿਤਾ ਪਾਠ, ਪੋਸਟਰ ਮੁਕਾਬਲਾ ਅਤੇ ਕੁਇਜ਼ ਮੁਕਾਬਲੇ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ, ਜਿਸ ਵਿਚ ਧਰਤੀ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ ਗਿਆ | ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵਾਤਾਵਰਣ ਦੀ ਰੱਖਿਆ ਲਈ ਸਹੁੰ ਚੁੱਕਦੇ ਹੋਏ ਧਰਤੀ ਮਾਤਾ ਨੂੰ ਬਚਾਉਣ ਦਾ ਪ੍ਰਣ ਲਿਆ | ਇਸ ਮੌਕੇ ਵਾਈਸ ਪਿ੍ੰਸੀਪਲ ਮਨਪ੍ਰੀਤ ਕੌਰ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |