ਹੁਸ਼ਿਆਰਪੁਰ, 23 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ 14 ਤੋਂ 15 ਸਾਲ ਦੀ ਉਮਰ ਵਾਲੀਆਂ ਬੱਚੀਆਂ ਲਈ ਐੱਚ. ਪੀ. ਵੀ. ਵੈਕਸੀਨ ਲਗਵਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਰਵਾਈਕਲ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਅ ਦਾ ਪ੍ਰਭਾਵਸ਼ਾਲੀ ਸਾਧਨ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਇਹ ਵੈਕਸੀਨ ਮੁਫ਼ਤ ਉਪਲੱਬਧ ਹੈ ਅਤੇ ਮਾਪਿਆਂ ਨੂੰ ਆਪਣੀਆਂ ਧੀਆਂ ਦਾ ਸਮੇਂ ਸਿਰ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਵਾਈਕਲ ਕੈਂਸਰ ਅÏਰਤਾਂ ਵਿਚ ਹੋਣ ਵਾਲੇ ਕੈਂਸਰਾਂ ਵਿਚ ਇੱਕ ਮੁੱਖ ਬਿਮਾਰੀ ਹੈ, ਜਿਸ ਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ ਦਾ ਸੰਕਰਮਣ ਹੈ | ਜੇ 14-15 ਸਾਲ ਦੀ ਉਮਰ ਵਿਚ ਬੱਚੀਆਂ ਨੂੰ ਐਚ.ਪੀ.ਵੀ. ਵੈਕਸੀਨ ਲਗਾ ਦਿੱਤੀ ਜਾਵੇ ਤਾਂ ਭਵਿੱਖ 'ਚ ਇਸ ਬਿਮਾਰੀ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ | ਇਹ ਵੈਕਸੀਨ ਬੱਚੀਆਂ ਦੀ ਸਿਹਤ ਦੀ ਸੁਰੱਖਿਆ ਲਈ ਇੱਕ ਮਜ਼ਬੂਤ ਸੁਰੱਖਿਆ ਕਵਚ ਵਜੋਂ ਕੰਮ ਕਰਦੀ ਹੈ | ਉਨ੍ਹਾਂ ਨੇ ਕਿਹਾ ਕਿ ਇਸ ਵੈਕਸੀਨ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ |