ਹੁਸ਼ਿਆਰਪੁਰ, 23 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਰੋਜ਼ਾਨਾ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਦੇ ਚੱਲਦਿਆਂ ਜਿੱਥੇ ਆਮ ਲੋਕ ਪ੍ਰੇਸ਼ਾਨ ਹਨ ਉੱਥੇ ਕਿਸਾਨ ਅਤੇ ਦੁਕਾਨਦਾਰ ਇਸਦਾ ਖਮਿਆਜਾ ਭੁਗਤ ਰਹੇ ਹਨ | ਬਿਜਲੀ ਸਹੀ ਢੰਗ ਨਾਲ ਨਾਲ ਮਿਲਣ ਦੇ ਚੱਲਦਿਆਂ ਇਸ ਤੋਂ ਹਰੇਕ ਵਰਗ ਪ੍ਰਭਾਵਿਤ ਹੋ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਕਿਸਾਨ ਤੇ ਸੀਨੀਅਰ ਕਾਂਗਰਸੀ ਆਗੂ ਜੈਲਦਾਰ ਦਵਿੰਦਰ ਸਿੰਘ ਖੈਰੜ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਿਜਲੀ ਸਰਪਲਸ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਕਿਉਂਕਿ ਪਿੰਡਾਂ ਅਤੇ ਸ਼ਹਿਰਾਂ 'ਚ ਬਿਜਲੀ ਦੇ ਅਣਐਲਾਨੇ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਵਿਦਿਆਰਥੀਆਂ, ਕਿਸਾਨਾਂ, ਵਪਾਰੀਆਂ, ਦੁਕਾਨਦਾਰਾਂ ਸਮੇਤ ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ 'ਚ ਫਸਲਾਂ ਦੀ ਵੱਧ ਜ਼ਰੂਰਤ ਹੁੰਦੀ ਹੈ ਪਰੰਤੂ ਨਾਮਾਤਰ ਮਿਲ ਰਹੀ ਬਿਜਲੀ ਸਪਲਾਈ ਕਾਰਨ ਸਿਆਲੂ ਮੱਕੀ, ਹਰੇ ਚਾਰੇ ਅਤੇ ਮੱਕੀ ਦੀ ਬਿਜਾਈ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਥੋਂ ਤੱਕ ਕੰਢੀ ਖੇਤਰ 'ਚ ਵੀ ਲਗਾਤਾਰ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ 'ਤੇ ਇਸਦਾ ਕੋਈ ਹੱਲ ਨਹੀਂ ਹੋਇਆ ਜੇਕਰ ਅਜਿਹੇ ਕੱਟ ਹੀ ਲਗਦੇ ਰਹੇ ਤਾਂ ਲੋਕ ਸ਼ੰਘਰਸ਼ ਲਈ ਮਜ਼ਬੂਰ ਹੋਣਗੇ |