07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ 'ਚ ਹਾਹਾਕਾਰ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਗੜ੍ਹਸ਼ੰਕਰ, 25 ਅਪ੍ਰੈਲ (ਧਾਲੀਵਾਲ)-ਗਰਮੀ ਦੇ ਮੌਸਮ ਨੇ ਜਿੱਥੇ ਰੰਗੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਉੱਥੇ ਹੀ ਪਿਛਲੇ ਦਿਨਾਂ ਤੋਂ ਬਿਜਲੀ ਕੱਟਾਂ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਲੋਕਾਂ 'ਚ ਹਾਹਾਕਾਰ ਮਚੀ ਪਈ ਹੈ | ਗੜ੍ਹਸ਼ੰਕਰ ਖੇਤਰ 'ਚ ਪਿਛਲੇ ਦਿਨਾਂ ਤੋਂ ਦਿਨ ਅਤੇ ਰਾਤ ਸਮੇਂ ਲੱਗ ਰਹੇ ਬਿਜਲੀ ਦੇ ਅਣ-ਐਲਾਨੇ ਕੱਟਾਂ ਨੇ ਬਿਜਲੀ ਪ੍ਰਬੰਧਾਂ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ | ਬਿਜਲੀ ਕੱਟਾਂ ਨੂੰ ਲੈ ਕੇ ਜਿੱਥੇ ਲੋਕ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾ ਰਹੇ ਹਨ, ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀ ਵਲੋਂ ਵੀ ਬਿਜਲੀ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ | ਬਿਜਲੀ ਕੱਟਾਂ ਸੰਬੰਧੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਵਿਚਾਰ ਇੱਥੇ ਪੇਸ਼ ਕੀਤੇ ਜਾ ਰਹੇ ਹਨ :-
ਸਰਕਾਰ ਨੇ ਲੋਕਾਂ ਦੀ ਰਾਤਾਂ ਦੀ ਨੀਂਦ ਉਡਾਈ- ਐਡਵੋਕੇਟ ਹਰਮਨਦੀਪ ਕੂਨਰ
ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਹਰਮਨਦੀਪ ਕੂਨਰ ਨੇ ਬਿਜਲੀ ਕੱਟਾਂ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਬਿਜਲੀ ਕੱਟਾਂ ਨੇ ਲੋਕਾਂ ਦੀ ਰਾਤ ਦੀ ਨੀਂਦ ਉਡਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰਾਤ ਭਰ ਬਿਜਲੀ ਕੱਟ ਲੱਗ ਰਹੇ ਹਨ, ਉਸ ਨਾਲ ਦਿਨ ਭਰ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਰਾਤ ਨੂੰ ਸੁੱਖ ਦੀ ਨੀਂਦ ਵੀ ਨਹੀਂ ਸੌਂ ਸਕਦੇ | ਖ਼ਾਸ ਤੌਰ 'ਤੇ ਬੱਚੇ ਅਤੇ ਬਜ਼ੁਰਗ ਬਿਜਲੀ ਕੱਟਾਂ ਤੋਂ ਬੇਹੱਦ ਪ੍ਰੇਸ਼ਾਨ ਹਨ | ਬਿਜਲੀ ਕੱਟਾਂ ਤੋਂ ਪ੍ਰਭਾਵਿਤ ਬੱਚੇ ਦਿਨ ਵੇਲੇ ਸਕੂਲ ਜਾਣ ਜਾਂ ਸੌਣ ਇਹ ਸਮਝ ਨਹੀਂ ਆ ਰਿਹਾ | ਸਰਕਾਰ ਦੇ ਮਾੜੇ ਪ੍ਰਬੰਧਾਂ ਦਾ ਖ਼ਮਿਆਜ਼ਾ ਆਮ ਲੋਕ ਭੁਗਤ ਰਹੇ ਹਨ |
ਬਿਜਲੀ ਕੱਟਾਂ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹੀ- ਭਾਤਪੁਰ
ਅਕਾਲੀ ਆਗੂ ਹਰਜੀਤ ਸਿੰਘ ਭਾਤਪੁਰ ਨੇ ਕਿਹਾ ਕਿ ਗਰਮੀ ਦੇ ਮੌਸਮ ਦੇ ਸ਼ੁਰੂਆਤੀ ਦੌਰ ਵਿਚ ਬਿਜਲੀ ਦੇ ਲੱਗ ਰਹੇ ਕੱਟ ਹੈਰਾਨ ਕਰਨ ਵਾਲੇ ਹਨ | ਦਿਨ ਰਾਤ ਬਿਜਲੀ ਦੇ ਲੱਗ ਰਹੇ ਕੱਟਾਂ ਨੇ ਸਰਕਾਰ ਦੇ ਬਿਜਲੀ ਸਰਪਲੱਸ ਹੋਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ | ਹਾਲੇ ਤਾਂ ਗਰਮੀ ਦੀ ਸ਼ੁਰੂਆਤ ਹੋਈ ਹੈ, ਜੇ ਇਹੀ ਹਾਲ ਰਿਹਾ ਤਾਂ ਲੋਕ ਝੋਨਾ ਲਗਾਉਣਾ ਤਾਂ ਦੂਰ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ | ਇਹ ਕੁੱਝ ਸਰਕਾਰ ਦੀਆਂ ਨਾਕਾਮੀਆਂ ਦੇ ਚੱਲਦਿਆਂ ਹੋ ਰਿਹਾ ਹੈ | ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਅੱਕ ਚੁੱਕੇ ਹਨ |
ਸਰਕਾਰ ਦੀ ਹਰ ਪਾਸਿਓਾ ਬੱਤੀ ਗੁੱਲ ਹੋਈ-ਰਵਿੰਦਰ ਨੀਟਾ
ਸੀ.ਪੀ.ਆਈ. (ਐੱਮ.) ਦੇ ਸੀਨੀਅਰ ਆਗੂ ਰਵਿੰਦਰ ਕੁਮਾਰ ਨੀਟਾ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸਰਕਾਰ ਦੀ ਹਰ ਪਾਸਿਓਾ ਬੱਤੀ ਗੁੱਲ ਹੋਈ ਪਈ ਹੈ | ਉਨ੍ਹਾਂ ਕਿਹਾ ਕਿਹਾ ਕਿ ਜਿੱਥੇ ਬਿਜਲੀ ਕੱਟਾਂ ਨੇ ਲੋਕਾਂ ਦਾ ਕੁੱਝ ਦਿਨਾਂ ਵਿਚ ਜਿਊਣਾ ਦੁੱਭਰ ਕਰ ਦਿੱਤਾ ਹੈ, ਉੱਥੇ ਹੀ ਹਰ ਪਾਸੇ ਸਰਕਾਰ ਦੇ ਨਾਕਸ ਪ੍ਰਬੰਧਾਂ ਕਾਰਨ ਲੋਕ ਖੱਜਲ ਖ਼ੁਆਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇ ਨਾਂਅ 'ਤੇ ਗੁੰਮਰਾਹ ਕਰਨ ਵਾਲੀ ਸਰਕਾਰ ਦੇ ਰਾਜ 'ਚ ਹਰ ਵਰਗ ਦੁਖੀ ਹੈ | ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਨੇ ਜੋ ਹਾਲਾਤ ਪੈਦਾ ਕੀਤੇ ਹਨ, ਉਹ ਅੱਜ ਤੱਕ ਕਦੇ ਨਹੀਂ ਸੀ ਹੋਏ |
ਜਦੋਂ ਬਿਜਲੀ ਹੀ ਨਹੀਂ ਆਉਂਦੀ, ਝਮੱਕਾ ਕਿਥੋਂ ਲੱਗਣਾ-ਹਰਭਜਨ ਕਲੇਰ
ਬਸਪਾ ਆਗੂ ਹਰਭਜਨ ਕਲੇਰ ਨੇ ਕਿਹਾ ਕਿ ਆਪ ਸਰਕਾਰ ਦੇ ਵਾਅਦੇ ਝੂਠੇ ਨਿਕਲ ਰਹੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦਾਅਵਾ ਕੀਤਾ ਸੀ ਕਿ ਪੰਜਾਬ ਵਿਚ ਮੇਰੀ ਸਰਕਾਰ ਦੇ ਦੌਰਾਨ ਕਦੇ ਬਿਜਲੀ ਦਾ ਕੱਟ ਨਹੀਂ ਲੱਗੇਗਾ ਤੇ ਬਿਜਲੀ ਝਮੱਕਾ ਨਹੀਂ ਮਾਰੇਗੀ | ਉਨ੍ਹਾਂ ਕਿਹਾ ਕਿ ਜਦੋਂ ਬਿਜਲੀ ਆਉਣੀ ਹੀ ਨਹੀਂ ਝਮੱਕਾ ਕਿਥੋਂ ਲੱਗਣਾ | ਉਨ੍ਹਾਂ ਕਿਹਾ ਕਿ ਬਿਜਲੀ ਦੇ 10-10 ਘੰਟੇ ਦੇ ਕੱਟ ਲੱਗ ਰਹੇ ਹਨ ਤੇ ਸਰਕਾਰ ਗੂੜੀ ਨੀਂਦ ਵਿਚ ਸੁੱਤੀ ਪਈ ਹੈ | ਉਨ੍ਹਾਂ ਕਿਹਾ ਕਿ ਸੂਬੇ ਵਿਚ ਲੂ ਦਾ ਕਹਿਰ ਚੱਲ ਰਿਹਾ ਹੈ ਤੇ ਬਿਜਲੀ ਦੀ ਸਖ਼ਤ ਜ਼ਰੂਰਤ ਹੈ | ਬਿਜਲੀ ਕੱਟਾਂ ਕਾਰਨ ਹਾਲਾਤ ਬਦਤਰ ਹੋਏ ਪਏ ਹਨ |
Ad Position 22
No active advertisement
ਪਿਛਲੀ ਖ਼ਬਰ ਜੰਗਲਾਂ ਨੂੰ ਅੱਗ ਤੋਂ ਬਚਾਉਣ ਲਈ ਵਣ ਵਿਭਾਗ ਵਲੋਂ ਫਾਇਰ ਰੈਲੀ ਦਾ ਆਯੋਜਨ ਅਗਲੀ ਖ਼ਬਰ ਨਰਸਿੰਗ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਵੇਗਾ ਸੋਨਾਲੀਕਾ ਦਾ ਹਰ ਘਰ ਹੀਲਰ ਮਿਸ਼ਨ
Ad Position 24