ਮੁਕੇਰੀਆਂ, 26 ਅਪ੍ਰੈਲ (ਰਾਮਗੜ੍ਹੀਆ)- ਜਲੰਧਰ-ਪਠਾਨਕੋਟ ਰੋਡ 'ਤੇ ਸਥਿਤ ਐਮਾ ਮਾਂਗਟ ਕਸਬੇ ਨੇੜੇ ਇਕ ਕਾਰ ਜਿਸ 'ਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਸਵਾਰ ਸਨ, ਸੰਤੁਲਨ ਗੁਆ ਬੈਠੀ ਅਤੇ ਪਲਟ ਗਈ, ਜਿਸ ਕਾਰਨ ਦੋ ਜ਼ਖਮੀ ਹੋ ਗਏ ਅਤੇ ਦੋ ਵਾਲ-ਵਾਲ ਬਚ ਗਏ | ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਵੰਸ਼ ਮਹਾਜਨ (34) ਪੁੱਤਰ ਸੁਨੀਲ ਮਹਾਜਨ, ਵਾਸੀ ਲਕਸ਼ਮੀ ਪੈਲੇਸ ਨੇੜੇ ਪੁਰਾਣੀ ਸਬਜ਼ੀ ਮੰਡੀ ਪਠਾਨਕੋਟ ਨੇ ਦੱਸਿਆ ਕਿ ਉਹ ਆਪਣੀ ਪਤਨੀ ਮੇਘਾ ਮਹਾਜਨ (30), ਮਾਂ ਪੂਨਮ ਮਹਾਜਨ (60) ਅਤੇ ਭੈਣ ਆਕਾਸ਼ਾ ਮਹਾਜਨ (27) ਨਾਲ ਆਪਣੀ ਕਾਰ ਨੰਬਰ ਪੀ ਬੀ 35-ਜੇ-8686 'ਚ ਸਵਾਰ ਹੋ ਕੇ ਨਕੋਦਰ (ਜਲੰਧਰ) ਤੋਂ ਇਕ ਵਿਆਹ ਸਮਾਰੋਹ ਤੋਂ ਪਠਾਨਕੋਟ ਘਰ ਵਾਪਸ ਆ ਰਹੇ ਸਨ | ਜਦੋਂ ਉਹ ਉਕਤ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਉਸਦੀ ਕਾਰ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਸੜਕ 'ਤੇ ਪਲਟ ਗਈ, ਜਿਸ ਨਾਲ ਉਸਦੀ ਭੈਣ ਅਤੇ ਮਾਂ ਜ਼ਖਮੀ ਹੋ ਗਏ, ਪਰ ਮੈਂ ਅਤੇ ਮੇਰੀ ਪਤਨੀ ਵਾਲ-ਵਾਲ ਗਏ | ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਜਲਦੀ ਨਾਲ ਕਾਰ ਨੂੰ ਸਿੱਧਾ ਕੀਤਾ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ | ਸੂਚਨਾ ਮਿਲਣ 'ਤੇ ਐਸ.ਐਸ.ਐਫ. ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ 'ਚ ਦਾਖਲ ਕਰਵਾਇਆ |