ਨੰਗਲ ਬਿਹਾਲਾਂ, 26 ਅਪ੍ਰੈਲ (ਵਿਨੋਦ ਮਹਾਜਨ)- ਪੰਜਾਬ ਸਰਕਾਰ ਵਲੋਂ ਕਣਕ ਦੀ ਫ਼ਸਲ ਦੀ ਸਾਂਭ ਸੰਭਾਲ ਅਤੇ ਲਿਫ਼ਟਿੰਗ ਨੂੰ ਲੈ ਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ | ਪਰੰਤੂ ਇਸ ਦੇ ਉਲਟ ਲਿਫ਼ਟਿੰਗ ਦੀ ਧੀਮੀ ਰਫ਼ਤਾਰ ਨੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਵੱਡੀ ਚਿੰਤਾ ਵਿਚ ਪਾਇਆ ਹੋਇਆ ਹੈ | ਇਸ ਦੀ ਤਾਜ਼ਾ ਉਦਾਹਰਨ ਮੁਕੇਰੀਆਂ ਖੇਤਰ ਦੀਆਂ ਮੰਡੀਆਂ ਵਿਚ ਕਣਕ ਦੀ ਫ਼ਸਲ ਦੀਆਂ ਬੋਰੀਆਂ ਦੇ ਲੱਗੇ ਅੰਬਾਰਾਂ ਨੂੰ ਦੇਖਣ ਨਾਲ ਮਿਲਦੀ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਆੜ੍ਹਤੀ ਐਸੋਸੀਏਸ਼ਨ ਮੁਕੇਰੀਆਂ ਦੇ ਪ੍ਰਧਾਨ ਮਨਜੀਤ ਸਿੰਘ ਕੌਲਪੁਰ ਨੇ ਦੱਸਿਆ ਕਿ ਮੁਕੇਰੀਆਂ ਦੀਆਂ ਮੰਡੀਆਂ ਵਿਚ ਕਣਕ ਦੀ ਫ਼ਸਲ ਕੁੱਲ 509539 ਕੁਇੰਟਲ ਦੀ ਪਹੁੰਚ ਹੋਈ ਹੈ, ਜਦੋਂ ਕਿ ਹੁਣ ਤੱਕ ਕੁੱਲ ਲਿਫ਼ਟਿੰਗ 8280 ਕਵਿੰਟਲ ਹੀ ਹੋਈ ਹੈ | ਉਨ੍ਹਾਂ ਦੱਸਿਆ ਕਿ ਜ਼ਿਆਦਾ ਦਿਨਾਂ ਤੱਕ ਕਣਕ ਦੀ ਫ਼ਸਲ ਦੀਆਂ ਬੋਰੀਆਂ ਮੰਡੀਆਂ ਵਿਚ ਪਈਆਂ ਰਹਿਣ ਕਰਕੇ ਜਿੱਥੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਅਪਣਾ ਸਾਰਾ ਸਮਾਂ ਮੰਡੀਆਂ ਵਿਚ ਗੁਜ਼ਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਉੱਥੇ ਦੂਜੇ ਪਾਸੇ ਤੁਲਾਈ ਕੀਤੀ ਹੋਈ ਕਣਕ ਦਾ ਭਾਰ ਵੀ ਘੱਟ ਹੋ ਰਿਹਾ ਹੈ | ਜਿਸ ਦਾ ਸਿੱਧਾ ਨੁਕਸਾਨ ਆੜ੍ਹਤੀਆਂ ਨੂੰ ਮਜਬੂਰਨ ਸਹਿਣਾ ਪੈਂਦਾ ਹੈ | ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀਆਂ ਵਿਚੋਂ ਕਣਕ ਦੀਆਂ ਬੋਰੀਆਂ ਦੀ ਲਿਫ਼ਟਿੰਗ ਬਿਨਾਂ ਦੇਰੀ ਕਰਵਾ ਕੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਰਾਹਤ ਦਿੱਤੀ ਜਾਵੇ ਤਾਂ ਜੋ ਅਸੀਂ ਸਾਰੇ ਆਪਣੇ ਆਪਣੇ ਜ਼ਿੰਦਗੀ ਦੇ ਜ਼ਰੂਰੀ ਕੰਮਕਾਜ ਕਰ ਸਕੀਏ |