ਹਰਿਆਣਾ, 27 ਅਪ੍ਰੈਲ (ਹਰਮੇਲ ਸਿੰਘ ਖੱਖ)-ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਨਿਰਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਵਲੋਂ ਜ਼ਿਆਦਾ ਗਰਮੀ ਦੀ ਲਹਿਰ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ | ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਦੱਸਿਆ ਕਿ ਜ਼ਿਆਦਾ ਗਰਮੀ ਦੀ ਲਹਿਰ ਮਨੁੱਖੀ ਸਿਹਤ 'ਤੇ ਗੰਭੀਰ ਅਸਰ ਪਾ ਸਕਦੀ ਹੈ | ਇਸ ਲਈ ਲੋਕ ਦਿਨ ਦੇ ਸਭ ਤੋਂ ਗਰਮ ਸਮੇਂ ਦੌਰਾਨ ਘਰਾਂ ਵਿਚ ਹੀ ਰਹਿਣ ਦੀ ਕੋਸ਼ਿਸ਼ ਕਰਨ | ਜ਼ਰੂਰਤ ਪੈਣ 'ਤੇ ਹੀ ਬਾਹਰ ਨਿਕਲਣ ਅਤੇ ਸਿਰ ਨੂੰ ਕੱਪੜੇ ਜਾਂ ਟੋਪੀ ਨਾਲ ਢੱਕ ਕੇ ਰੱਖਣ | ਉਨ੍ਹਾਂ ਨੇ ਅੱਗੇ ਦੱਸਿਆ ਕਿ ਵੱਧ ਤੋਂ ਵੱਧ ਤਰਲ ਪਦਾਰਥ ਜਿਵੇਂ ਪਾਣੀ, ਨਿੰਬੂ ਪਾਣੀ, ਲੱਸੀ ਆਦਿ ਪੀਣੇ ਚਾਹੀਦੇ ਹਨ | ਬਾਹਰ ਨਿਕਲਣ ਸਮੇਂ ਧੁੱਪ ਤੋਂ ਬਚਾਅ ਲਈ ਛਤਰੀ ਜਾਂ ਸਨਸਕ੍ਰੀਮ ਵਰਤਣੀ ਚਾਹੀਦੀ ਹੈ |