ਹੁਸ਼ਿਆਰਪੁਰ, 1 ਮਈ (ਹਰਪ੍ਰੀਤ ਕੌਰ)-ਸੰਸਥਾ 'ਸਵੇਰਾ' ਵਲੋਂ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਤਜਿੰਦਰ ਸਿੰਘ ਸੋਢੀ ਨੂੰ ਸਾਲ 2026 ਦੇ 'ਗੰਗਾ-ਯਮੁਨਾ ਹਾਰਮੋਨੀਅਸ ਐਵਾਰਡ' ਨਾਲ ਨਿਵਾਜਿਆ ਗਿਆ | ਮਜ਼ਦੂਰ ਦਿਵਸ, ਬੁੱਧ ਪੂਰਨਿਮਾ ਅਤੇ ਮਹਾਨ ਸਮਾਜਵਾਦੀ ਵਿਚਾਰਕ ਸਵਰਗੀ ਮਧੂ ਲਿਮੇ ਦੇ ਜਿਨਮ ਦਿਹਾੜੇ ਮੌਕੇ ਕਰਵਾਏ ਸਮਾਰੋਹ ਦੌਰਾਨ ਸੇਂਟ ਜੋਸਫ਼ ਹਸਪਤਾਲ ਦੇ ਡਾ. ਜੈਸੀ ਜੋਸਫ਼ ਨੇ ਇਹ ਐਵਾਰਡ ਸੌਂਪੇ | ਸੰਸਥਾ 'ਸਵੇਰਾ' ਦੇ ਕਨਵੀਨਰ ਡਾ. ਅਜੇ ਬੱਗਾ ਨੇ ਦੱਸਿਆ ਕਿ ਦਰਸ਼ਨ ਸਿੰਘ ਮੱਟੂ ਵਿਦਿਆਰਥੀ ਜੀਵਨ ਤੋਂ ਹੀ ਸਮਾਜਿਕ ਬੁਰਾਈਆਂ, ਦਾਜ ਪ੍ਰਥਾ, ਧਰਮ ਜਾਤੀ ਅਤੇ ਮਜ਼੍ਹਬ ਦੇ ਆਧਾਰ 'ਤੇ ਭੇਦਭਾਵ ਦੇ ਵਿਰੁੱਧ ਸਨ | ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤਜਿੰਦਰ ਸਿੰਘ ਸੋਢੀ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਤਤਪਰ ਰਹੇ | ਡਾ. ਬੱਗਾ ਨੇ ਦੱਸਿਆ ਕਿ ਐਵਾਰਡ ਹਾਸਿਲ ਕਰਨ ਵਾਲੀਆਂ ਉਕਤ ਦੋਵੇਂ ਸਖਸ਼ੀਅਤਾਂ ਨੂੰ 21 ਹਜ਼ਾਰ ਰੁਪਏ ਦੀ ਰਾਸ਼ੀ ਸਮਾਜਿਕ ਗਤੀਵਿਧੀਆਂ 'ਤੇ ਖਰਚ ਕਰਨ ਲਈ ਦਿੱਤੀ ਗਈ ਹੈ | ਡਾ. ਬੱਗਾ ਨੇ ਕਿਹਾ ਕਿ ਇਹ ਐਵਾਰਡ ਸਮਾਜਵਾਦੀ ਆਗੂ ਚੌਧਰੀ ਬਲਵੀਰ ਸਿੰਘ ਅਤੇ ਪਿ੍ੰਸੀਪਲ ਓਮ ਪ੍ਰਕਾਸ਼ ਬੱਗਾ ਦੀ ਯਾਦ ਵਿਚ ਪ੍ਰਦਾਨ ਕੀਤਾ ਗਿਆ | ਵਰਣਨਯੋਗ ਹੈ ਕਿ ਚੌਧਰੀ ਬਲਵੀਰ ਸਿੰਘ ਤੇ ਓਮ ਪ੍ਰਕਾਸ਼ ਬੱਗਾ ਕੌਮੀ ਏਕਤਾ, ਧਰਮ ਨਿਰਪੱਖਤਾ ਤੇ ਆਪਸੀ ਭਾਈਚਾਰਕ ਸਾਂਝ ਲਈ ਜੀਵਨ ਭਰ ਸੰਘਰਸ਼ਸ਼ੀਲ ਰਹੇ | ਪਿ੍ੰਸਪਲ ਬੱਗਾ 2 ਜੂਨ 1984 ਅਤੇ ਚੌਧਰੀ ਬਲਵੀਰ ਸਿੰਘ 10 ਮਈ 1985 ਨੂੰ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਇਸ ਦੌਰਾਨ ਉਨ੍ਹਾਂ ਨੇ 16 ਵਿਦਿਆਰਥੀਆਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੜ੍ਹਣ ਵਾਸਤੇ ਸਕਾਲਰਸ਼ਿਪ ਵਜੋਂ ਦੇਣ ਦਾ ਫ਼ੈਸਲਾ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਨੇ ਹੱਥੀਂ ਕੰਮ ਕਰਨ ਵਾਲੇ 10 ਕਾਮਿਆਂ ਨੂੰ 1-1 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਵੀ ਕੀਤਾ |