ਐਮਾ ਮਾਂਗਟ, 3 ਮਈ (ਗੁਰਾਇਆ)-ਪਗੜੀ ਸੰਭਾਲ ਜੱਟਾ ਲਹਿਰ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਵਿਜੇ ਕੁਮਾਰ ਬਹਿਬਮੰਜ ਦੀ ਪ੍ਰਧਾਨਗੀ ਹੇਠ ਪਿੰਡ ਧਨੋਆ ਵਿਖੇ ਹੋਈ | ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਸੀਜ਼ਨ 2025-26 ਦੌਰਾਨ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ 68.50 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਅਜੇ ਤੱਕ ਜਾਰੀ ਨਾ ਕਰਨ ਦੇ ਵਿਰੋਧ 'ਚ ਦੋਆਬਾ ਕਿਸਾਨ ਕਮੇਟੀ ਵਲੋਂ 7 ਮਈ ਨੂੰ ਕੀਤੀ ਜਾ ਰਹੀ ਹੜਤਾਲ ਦੀ ਸਰਬਸੰਮਤੀ ਨਾਲ ਹਮਾਇਤ ਕੀਤੀ ਅਤੇ ਇਸ ਹੜਤਾਲ 'ਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ | ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਖ਼ਾਨ ਨੇ ਵੀ ਇਸ ਹੜਤਾਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਇਸ ਸਮੇਂ ਸਰਪ੍ਰਸਤ ਜਗਦੇਵ ਸਿੰਘ ਭੱਟੀਆਂ, ਪ੍ਰਧਾਨ ਵਿਜੇ ਕੁਮਾਰ, ਜਨਰਲ ਸਕੱਤਰ ਬਲਜੀਤ ਸਿੰਘ ਨੀਟਾ ਆਦਿ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਖੰਡ ਮਿੱਲਾਂ ਬੰਦ ਹੋਏ ਨੂੰ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਪੰਜਾਬ ਸਰਕਾਰ ਵਲੋਂ ਐਲਾਨੀ ਪ੍ਰਤੀ ਕੁਇੰਟਲ 68 ਰੁਪਏ 50 ਪੈਸੇ ਦੀ ਸਬਸਿਡੀ ਕਿਸਾਨਾਂ ਦੇ ਖਾਤਿਆਂ 'ਚ ਜਮਾਂ ਨਹੀਂ ਕਰਵਾਈ ਗਈ | ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਕਾਰਨ ਕਿਸਾਨ ਪਹਿਲਾਂ ਹੀ ਆਰਥਿਕ ਤੌਰ 'ਤੇ ਕਮਜ਼ੋਰ ਸੀ ਅਤੇ ਇਸ ਤੋਂ ਇਲਾਵਾ ਗੰਨੇ ਦੀ ਫ਼ਸਲ ਦੀ ਪੂਰੀ ਅਦਾਇਗੀ ਨਾ ਮਿਲਣਾ ਸੱਟ ਦੇ ਬਰਾਬਰ ਸੀ | ਉਨ੍ਹਾਂ ਕਿਹਾ ਕਿ ਸਾਲ 2025-26 ਦੇ ਸੀਜ਼ਨ ਲਈ ਪੰਜਾਬ ਸਰਕਾਰ ਨੇ ਗੰਨੇ ਦਾ ਭਾਅ 15 ਰੁਪਏ ਪ੍ਰਤੀ ਕੁਇੰਟਲ ਵਧਾ ਕੇ 391 ਰੁਪਏ ਤੋਂ ਵਧਾ ਕੇ 416 ਰੁਪਏ ਕਰ ਦਿੱਤਾ ਸੀ ਅਤੇ ਇਹ ਵੀ ਐਲਾਨ ਕੀਤਾ ਸੀ ਕਿ ਖੰਡ ਮਿੱਲ ਨੂੰ 347 ਰੁਪਏ 50 ਪੈਸੇ ਦੀ ਅਦਾਇਗੀ ਕੀਤੀ ਜਾਵੇਗੀ ਅਤੇ ਬਾਕੀ 68 ਰੁਪਏ 50 ਪੈਸੇ ਪੰਜਾਬ ਸਰਕਾਰ ਸਬਸਿਡੀ ਵਜੋਂ ਕਿਸਾਨਾਂ ਦੇ ਖਾਤਿਆਂ 'ਚ ਜਮਾਂ ਕਰਵਾਏਗੀ ਪਰ ਇਸ ਵਾਰ ਪੂਰਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਵੀ ਕਿਸਾਨਾਂ ਦੇ ਖਾਤਿਆਂ 'ਚ ਸਬਸਿਡੀ ਦਾ ਇਕ ਰੁਪਇਆ ਵੀ ਨਹੀਂ ਪਾਇਆ ਗਿਆ | ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਹੀ ਕਿਸਾਨਾਂ ਦੀ ਬਕਾਇਆ ਰਾਸ਼ੀ ਉਨ੍ਹਾਂ ਦੇ ਖਾਤਿਆਂ 'ਚ ਜਮਾਂ ਕਰਵਾਏ ਨਹੀਂ ਤਾਂ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਸਮੇਂ ਸੁਰਜੀਤ ਸਿੰਘ ਬਿੱਲਾ, ਐਡਵੋਕੇਟ ਸਰਬਜੀਤ ਸਿੰਘ, ਸ਼ਮਿੰਦਰ ਸਿੰਘ, ਜੀਵਨ ਸਿੰਘ, ਪਰਮਜੀਤ ਸਿੰਘ ਬੱਬੂ, ਬਲਜੀਤ ਸਿੰਘ ਨੀਟਾ, ਸਰਬਜੀਤ ਸਿੰਘ ਰੰਗਾ, ਕਰਮਜੀਤ ਸਿੰਘ ਆਦਿ ਹਾਜ਼ਰ ਸਨ |