ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ)-ਹਰ ਮੁਲਾਜ਼ਮ ਨੂੰ ਕੀਤੇ ਕੰਮ ਦੀ ਸਮੇਂ ਸਿਰ ਤਨਖ਼ਾਹ ਦੇਣਾ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ, ਨਾ ਕਿ ਉਨ੍ਹਾਂ ਨੂੰ 6-6 ਮਹੀਨੇ ਦੀ ਤਨਖ਼ਾਹ ਤੋਂ ਵਾਂਝੇ ਰੱਖਣਾ | ਮਨਰੇਗਾ ਕਰਮਚਾਰੀ ਸਰਕਾਰ ਦੀਆਂ ਨੀਤੀਆਂ ਨੂੰ ਹੇਠਲੇ ਪੱਧਰ 'ਤੇ ਪਿੰਡਾਂ 'ਚ ਪਹੁੰਚਾਉਂਦੇ ਹਨ ਅਤੇ ਮਨਰੇਗਾ ਦਾ ਇਕ ਮਹੱਤਵ ਪੂਰਨ ਅੰਗ ਹਨ, ਜੋ ਅੱਜ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਬੈਠੇ ਹਨ | ਇਹ ਪ੍ਰਗਟਾਵਾ ਮਨਰੇਗਾ ਲੇਬਰ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਉਕਤ ਕਰਮਚਾਰੀਆਂ ਦੀ ਹੜਤਾਲ 'ਚ ਸ਼ਾਮਿਲ ਹੋਣ ਮੌਕੇ ਕੀਤਾ | ਇਸ ਮੌਕੇ ਬਲਾਕ-2 ਮਨਰੇਗਾ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਹੁਣ ਦੇ ਘਰਾਂ ਦੇ ਖਰਚੇ ਬੰਦ ਹੋ ਰਹੇ ਹਨ ਤੇ ਉਹ ਵੀ ਸਾਰੇ ਪਰਿਵਾਰਾਂ ਵਾਲੇ ਹਨ ਤੇ ਤੁਰੰਤ ਤਨਖ਼ਾਹਾਂ ਜਾਰੀ ਕਰਨੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਤਨਖ਼ਾਹਾਂ ਜਾਰੀ ਨਾ ਕਰਕੇ ਸੰਵਿਧਾਨਕ ਹੱਕਾਂ ਨੂੰ ਕੁਚਲਣ ਦਾ ਕੰਮ ਕਰ ਰਹੀ ਹੈ | ਧੀਮਾਨ ਨੇ ਕਿਹਾ ਕਿ ਤਨਖ਼ਾਹਾਂ ਤੋਂ ਵਾਂਝੇ ਕਰਮਚਾਰੀਆਂ ਨੂੰ ਘਰਾਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋਇਆ ਹੈ | ਉਨ੍ਹਾਂ ਦੱਸਿਆ ਕਿ 10 ਬਲਾਕਾਂ ਦੇ ਕਰਮਚਾਰੀ ਧਰਨੇ 'ਤੇ ਬੈਠੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਮਨਰੇਗਾ ਕਰਮਚਾਰੀਆਂ ਨੂੰ ਤੁਰੰਤ ਨਵੰਬਰ ਮਹੀਨੇ ਤੋਂ ਰੁਕੀਆਂ ਤਨਖ਼ਾਹਾਂ ਜਾਰੀ ਕੀਤੇ ਜਾਣ ਸੰਬੰਧੀ ਸਰਕਾਰ ਨੂੰ ਲਿਖਿਆ ਗਿਆ ਹੈ |
ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਮਨਰੇਗਾ ਕਰਮਚਾਰੀ 6 ਮਹੀਨੇ ਤੋਂ ਤਨਖ਼ਾਹਾਂ ਤੋਂ ਵਾਂਝੇ-ਧੀਮਾਨ
ਅਜੀਤ ਡੈਸਕ
05-05-2026