ਰਾਮਗੜ੍ਹ ਸੀਕਰੀ, 9 ਮਈ (ਕਟੋਚ)-ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਮਾਹੀ ਦੇਵੀ ਵਿਖੇ ਨਵੇਂ ਬਣੇ ਕਲਾਸ ਰੂਮ ਤੇ ਫਿਜੀਕਸ ਲੈਬ ਦਾ ਉਦਘਾਟਨ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਵਲੋਂ ਇਲਾਕਾ ਵਾਸੀਆਂ, ਸਕੂਲ ਸਟਾਫ਼ ਤੇ ਵਿਦਿਆਰਥੀਆਂ ਦੀ ਹਾਜ਼ਰੀ 'ਚ ਕੀਤਾ | ਇਸ ਤੋਂ ਪਹਿਲਾਂ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਰਾਜੇਸ਼ ਸਿੰਘ ਦੀ ਅਗਵਾਈ 'ਚ ਸਮੂਹ ਸਕੂਲ ਸਟਾਫ਼, ਇਲਾਕਾ ਵਾਸੀਆਂ ਤੇ ਵਿਦਿਆਰਥੀਆਂ ਵਲੋਂ ਨਿੱਘਾ ਸਵਾਗਤ ਕੀਤਾ | ਉਦਘਾਟਨ ਕਰਨ ਉਪਰੰਤ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਐਡ. ਘੁੰਮਣ ਨੇ ਇਸ ਸਕੂਲ ਦੇ ਬੇ-ਮਿਸਾਲ ਵਿੱਦਿਅਕ ਢਾਂਚ, ਸਕੂਲ ਦੀ ਮਿਹਨਤੀ ਸਟਾਫ਼ ਦੀ ਜ਼ੋਰਦਾਰ ਤਾਰੀਫ਼ ਕਰਦਿਆਂ ਕਿਹਾ ਕਿ ਇਸ ਸਕੂਲ ਦੇ ਸਟਾਫ਼ ਵਲੋਂ ਸਟੇਟ ਐਵਾਰਡ ਹਾਸਿਲ ਕਰਕੇ ਤੇ ਵਿਦਿਆਰਥੀਆਂ ਵਲੋਂ ਪਿਛਲੇ 12 ਸਾਲਾਂ ਮੈਰਿਟ ਹਾਸਿਲ ਕਰਕੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਪੜ੍ਹਾਉਂਦੇ ਅਧਿਆਪਕਾਂ ਦੀ ਵਿੱਦਿਅਕ ਯੋਗਤਾ ਤੇ ਕਾਬਲੀਅਤ ਦਾ ਕੋਈ ਮੁਕਾਬਲਾ ਨਹੀਂ ਹੈ | ਇਸ ਤੋਂ ਪਹਿਲਾਂ ਸਕੂਲ ਦੇ ਸਟੇਟ ਐਵਾਰਡੀ ਪਿ੍ੰ. ਰਾਜੇਸ਼ ਸਿੰਘ ਨੇ ਵਿਧਾਇਕ ਘੁੰਮਣ ਨੂੰ 'ਜੀ ਆਇਆਂ' ਆਖਦਿਆਂ ਸਕੂਲ ਦੀਆਂ ਉਪਲਬਧੀਆਂ ਸੰਬੰਧੀ ਜਾਣੂੰ ਕਰਵਾਇਆ ਤੇ ਸਕੂਲ ਦੀਆਂ ਮੁਸ਼ਕਿਲਾਂ ਸੰਬੰਧੀ ਵੀ ਜਾਣਕਾਰੀ ਦਿੱਤੀ | ਵਿਦਿਆਰਥੀਆਂ ਵਲੋਂ ਦਿਲ ਖਿਚਵਾਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ | ਇਸ ਮੌਕੇ ਇਲਾਕੇ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਸਰਪੰਚ, ਪੰਚ ਤੇ ਹੋਰ ਪਤਵੰਤਿਆਂ ਨੇ ਹਾਜ਼ਰੀ ਭਰੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਬੌਬੀ ਕੌਸ਼ਲ ਚੇਅਰਮੈਨ ਬਲਾਕ ਸੰਮਤੀ, ਜਰਨੈਲ ਸਿੰਘ ਉਪ ਚੇਅਰਮੈਨ, ਸਰਪੰਚ ਸੁਭਾਸ਼, ਸਰਪੰਚ ਬਲਵਿੰਦਰ, ਸੰਮਤੀ ਮੈਂਬਰ ਮਹਿੰਦਰ ਸਿੰਘ, ਰਮਨ ਗੋਲਡੀ, ਸਰਪੰਚ ਸਤਪਾਲ, ਸਟੇਟ ਐਵਾਰਡੀ ਲੈਕਚਰਾਰ ਜਗਜੀਤ ਸਿੰਘ, ਸਟੇਟ ਐਵਾਰਡੀ ਲੈਕਚਰਾਰ ਵਿਜੇ ਸ਼ਰਮਾ, ਸੂਰਜ ਪ੍ਰਕਾਸ਼, ਅਜੈ ਸ਼ਰਮਾ, ਅਰਵਿੰਦਰ ਗੌਤਮ, ਸੋਹਣ ਸਿੰਘ, ਪੂਨਮ ਬਾਲਾ, ਨਿਸੀ ਬਾਲਾ ਤੋਂ ਇਲਾਵਾ ਸਕੂਲ ਸਟਾਫ਼ ਹਾਜ਼ਰ ਸੀ | ਇਸ ਮੌਕੇ ਸਕੂਲ ਪ੍ਰਬੰਧਨ ਵਲੋਂ ਵਿਧਾਇਕ ਘੁੰਮਣ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |