15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਨਵਾਂਸ਼ਹਿਰ ਨਗੀਨਾ, ਮੀਂਹ ਇਕ ਦਿਨ ਚਿੱਕੜ ਮਹੀਨਾ

Ad Position 21
No active advertisement
ਅਜੀਤ ਡੈਸਕ 10-05-2026
ਨਵਾਂਸ਼ਹਿਰ, 9 ਮਈ (ਦੀਦਾਰ ਸਿੰਘ ਸ਼ੇਤਰਾ)-ਨਗਰ ਕੌਂਸਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਲਈ ਕੀਤੀ ਹੜਤਾਲ ਨੇ ਕੌਂਸਲ ਅਧਿਕਾਰੀਆਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ | ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਇਸ ਹੜਤਾਲ ਸਮੇਂ ਦਿੱਤੇ ਜਾ ਰਹੇ ਧਰਨਿਆਂ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੜੈਚ, ਇਫਟੂ ਦੇ ਹੀ ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਕਰਮਚਾਰੀ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਸੰਨ੍ਹੀ ਬੰਘਾਨੀਆਂ, ਨਵਾਂਸ਼ਹਿਰ ਯੂਨਿਟ ਦੇ ਪ੍ਰਧਾਨ ਸੂਰਜ ਖੋਸਲਾ, ਚੇਅਰਮੈਨ ਦੀਪਕ ਖੋਸਲਾ, ਭਾਵਾਧਸ ਦੇ ਪ੍ਰਧਾਨ ਵਿੱਕੀ ਗਿੱਲ ਨੇ ਦੋਸ਼ ਲਾਇਆ ਕਿ ਪੰਜਾਬ ਦੀ 'ਆਪ' ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੀ ਅਣਡਿੱਠ ਨਹੀਂ ਕਰ ਰਹੀ ਹੈ, ਸਗੋਂ ਆਪਣੇ ਨਾਗਰਿਕਾਂ ਦੇ ਜੀਵਨ ਨਾਲ ਵੀ ਖਿਲਵਾੜ ਕਰ ਰਹੀ ਹੈ | ਇਹੀ ਕਾਰਨ ਹੈ ਕਿ ਅੱਜ ਪੰਜਾਬ ਭਰ ਦੇ ਮਿਊਾਸਪਲ ਕਰਮਚਾਰੀ ਤੇ ਆਮ ਲੋਕ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋ ਗਏ ਹਨ | ਸ਼ਹਿਰ ਵਿਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਤੇ ਸੀਵਰੇਜ ਦੇ ਗੰਦੇ ਪਾਣੀ ਦੇ ਓਵਰਫ਼ਲੋਅ ਹੋ ਕੇ ਰਿਸਾਵ ਕਾਰਨ ਵੱਖ-ਵੱਖ ਮੁਹੱਲਿਆਂ ਵਿਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਪੁਰਾਣੇ ਡੀ. ਸੀ. ਦਫ਼ਤਰ ਨੂੰ ਜਾਂਦੀ ਸੜਕ, ਜਿਸ ਉੱਤੋਂ ਲੰਘ ਕੇ ਲੋਕਾਂ ਨੂੰ ਐਸ. ਡੀ. ਐਮ. ਦਫ਼ਤਰ ਨਵਾਂਸ਼ਹਿਰ, ਐਸ. ਐਸ. ਪੀ. ਦਫ਼ਤਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ, ਤਹਿਸੀਲਦਾਰ ਦਫ਼ਤਰ, ਸੁਵਿਧਾ ਸੈਂਟਰ ਆਦਿ ਸਮੇਤ ਪੈਂਦੇ ਹੋਰ ਦਫ਼ਤਰਾਂ ਤੱਕ ਜਾਣਾ ਪੈਂਦਾ ਹੈ, ਉੱਤੇ ਸੜਕ 'ਚ ਸੀਵਰੇਜ ਦੇ ਰਿਸਦੇ ਪਾਣੀ ਨੇ ਨੱਕ 'ਚ ਦਮ ਕੀਤਾ ਹੋਇਆ ਹੈ | ਇਸ ਸੜਕ ਦੇ ਉੱਤੇ ਹੀ ਇਕ ਢਾਬਾ ਹੈ, ਜਿਸ 'ਤੇ ਸ਼ਹਿਰ ਦੇ ਲਗਪਗ 70 ਫ਼ੀਸਦੀ ਦਫ਼ਤਰਾਂ ਦੇ ਕਰਮਚਾਰੀ ਅਤੇ ਕੰਮਾਂ ਨੂੰ ਆਏ ਹੋਏ ਵੱਖ-ਵੱਖ ਪਿੰਡਾਂ ਤੋਂ ਲੋਕ ਦੁਪਹਿਰ ਦਾ ਭੋਜਨ ਕਰਦੇ ਹਨ, ਭੋਜਨ ਕਰਦਿਆਂ ਸੀਵਰੇਜ ਦੇ ਗੰਦੇ ਪਾਣੀ ਦੀ ਆ ਰਹੀ ਬਦਬੂ ਸਦਕਾ ਬੈਠਣਾ ਦੁੱਭਰ ਬਣਿਆ ਹੋਇਆ ਹੈ | ਇਸੇ ਤਰ੍ਹਾਂ ਹੀ ਨਵਾਂਸ਼ਹਿਰ ਦੇ ਫੱਟੀ-ਬਸਤਾ ਚੌਕ ਤੋਂ ਸਲੋਹ ਪਿੰਡ ਤੱਕ ਜਾਂਦੀ ਸੜਕ ਦਾ ਥਾਂ-ਥਾਂ ਤੋਂ ਟੁੱਟਿਆ ਹੋਇਆ ਹੋਣਾ, ਵਿਕਾਸ ਨਗਰ, ਬਾਬਾ ਦੀਪ ਸਿੰਘ ਨਗਰ, ਮਾਡਲ ਟਾਊਨ, ਸਤਿਗੁਰ ਨਗਰ ਆਦਿ ਮੁਹੱਲਿਆਂ ਦੇ ਲੋਕਾਂ ਦਾ ਲੰਘਣਾ ਭਵ-ਸਾਗਰ ਪਾਰ ਕਰਨਾ ਵਾਲੀ ਗੁੰਝਲਦਾਰ ਸਮੱਸਿਆ ਬਣੀ ਹੋਈ ਹੈ | ਫੱਟੀ-ਬੱਸਤਾ ਚੌਕ ਤੋਂ ਲੈ ਕੇ ਸਲੋਹ ਪਿੰਡ ਦੇ ਗੇਟ ਤੱਕ ਸੜਕ ਬਣਾਉਣ ਸੰਬੰਧੀ ਸ਼ਹਿਰ ਵਾਸੀਆਂ ਵਲੋਂ ਨਗਰ ਕੌਂਸਲ ਅਧਿਕਾਰੀਆਂ, ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਨ ਉਪਰੰਤ ਵੀ ਜਦੋਂ ਕੋਈ ਗੱਲ ਨਾ ਬਣਨ 'ਤੇ ਇਹਨਾਂ ਮੁਹੱਲਿਆਂ ਤੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਵਲੋਂ ਨਗਰ ਕੌਂਸਲ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ | ਕੋਈ ਵੀ ਹੱਲ ਨਾ ਹੋਣ ਦੀ ਸੂਰਤ ਵਿਚ ਪ੍ਰਭਾਵਿਤ ਲੋਕਾਂ ਵਲੋਂ ਸੋਮਵਾਰ ਸਵੇਰੇ ਠੀਕ ਦਸ ਵਜੇ 11 ਮਈ ਨੂੰ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ | ਇਸ ਮੁੱਦੇ ਨੂੰ ਲੈ ਕੇ ਰੇਸ਼ਮ ਸਿੰਘ ਖ਼ਾਲਸਾ, ਰਮੇਸ਼ ਸ਼ਰਮਾ, ਰਣਜੀਤ ਸਿੰਘ, ਸੁਖਦੇਵ ਸ਼ਰਮਾ, ਅਮਨਦੀਪ ਸਿੰਘ, ਦਲਜੀਤ ਸਿੰਘ, ਰਮਨ ਸਭਰਵਾਲ, ਰਜਿੰਦਰ ਸਿੰਘ ਸੈਣੀ, ਪਿਆਰੇ ਲਾਲ, ਦਰਸ਼ਨ ਸਿੰਘ ਬੜਵਾ, ਕੁਲਦੀਪ ਸਿੰਘ ਅਤੇ ਗ੍ਰਾਮ ਪੰਚਾਇਤ ਸਲੋਹ ਤੋਂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦਿੱਤੇ ਜਾ ਰਹੇ ਇਸ ਰੋਸ ਧਰਨੇ ਵਿਚ ਪ੍ਰਭਾਵਿਤ ਖੇਤਰ ਦੇ ਦੁਕਾਨਦਾਰ, ਸ਼ਹਿਰ ਦੇ ਮੁਹੱਲਿਆਂ ਦੇ ਵਸਨੀਕ, ਪਿੰਡਾਂ ਦੇ ਲੋਕਾਂ, ਰਿਕਸ਼ਾ ਚਾਲਕਾਂ, ਥਰੀ ਵੀਲਰਾਂ ਵਾਲਿਆਂ, ਟੈਂਪੂ ਵਾਲਿਆਂ ਸਾਰੇ ਲੋਕ ਸਿਆਸੀ ਵਿਚਾਰਾਂ ਤੋਂ ਉੱਪਰ ਉੱਠ ਕੇ ਸ਼ਾਮਿਲ ਹੋਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਘਰ ਤੋਂ ਦੁਕਾਨ ਖੋਲ੍ਹਣ ਜਾਂਦੇ ਸਮੇਂ ਦੁਕਾਨਦਾਰ ਨੂੰ ਹਮਲਾ ਕਰਕੇ ਕੀਤਾ ਜ਼ਖ਼ਮੀ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਨਵੇਂ ਬਣੇ ਕਲਾਸ ਰੂਮ ਤੇ ਫਿਜੀਕਸ ਲੈਬ ਦਾ ਉਦਘਾਟਨ
Ad Position 24