ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੰਚ ਪ੍ਰਧਾਨੀ ਦੇ ਮੈਂਬਰ ਚਰਨਦੀਪ ਸਿੰਘ ਖ਼ਾਲਸਾ ਹੁਸ਼ਿਆਰਪੁਰ ਨੇ ਕਿਹਾ ਕਿ ਜੂਨ 1984 ਦਾ ਸਾਕਾ ਨੀਲਾ ਤਾਰਾ ਸਿੱਖ ਕੌਮ ਦੇ ਇਤਿਹਾਸ ਦਾ ਸਭ ਤੋਂ ਦਰਦਨਾਕ ਅਧਿਆਇ ਹੈ | ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ 'ਤੇ ਭਾਰਤੀ ਹਕੂਮਤ ਵਲੋਂ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਸਮਾਗਮ 7 ਜੂਨ ਨੂੰ ਸ੍ਰੀਨਗਰ, ਕਸ਼ਮੀਰ ਵਿਖੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਵਲੋਂ ਕਰਵਾਏ ਜਾ ਰਹੇ ਇਸ ਸਮਾਗਮ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਕੁਰਬਾਨੀ ਤੋਂ ਜਾਣੂ ਕਰਵਾਉਣਾ ਹੈ | ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਅਤੇ ਹਜ਼ਾਰਾਂ ਨਿਹੱਥੇ ਅਤੇ ਨਿਰਦੋਸ਼ ਸਿੱਖ ਸ਼ਰਧਾਲੂਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਆਪਣੇ ਪ੍ਰਾਣ ਵਾਰ ਦਿੱਤੇ | ਉਨ੍ਹਾਂ ਦਾ ਖੂਨ ਅੱਜ ਵੀ ਕੌਮ ਨੂੰ ਜ਼ੁਲਮ ਖ਼ਿਲਾਫ਼ ਲੜਨ ਦਾ ਸੁਨੇਹਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਸ੍ਰੀਨਗਰ ਦੀ ਧਰਤੀ ਦੀ ਚੋਣ ਇਸ ਲਈ ਕੀਤੀ ਗਈ ਕਿਉਂਕਿ ਇੱਥੋਂ ਦੀ ਸਿੱਖ ਸੰਗਤ ਨੇ 1984 ਦੇ ਜ਼ਖ਼ਮਾਂ ਨੂੰ ਹੰਢਾਇਆ ਹੈ | ਸਮਾਗਮ ਦੌਰਾਨ ਅਰਦਾਸ, ਕੀਰਤਨ ਅਤੇ ਵਿਦਵਾਨ ਬੁਲਾਰੇ ਸਾਕਾ ਨੀਲਾ ਤਾਰਾ ਦੇ ਕਾਰਨਾਂ ਅਤੇ ਦਿੱਲੀ ਦਰਬਾਰ ਦੀ ਸਿੱਖ-ਮਾਰੂ ਨੀਤੀ ਨੂੰ ਨੰਗਾ ਕਰਨਗੇ | ਉਨ੍ਹਾਂ ਕਿਹਾ ਕਿ ਫੈਡਰੇਸ਼ਨ ਜੂਨ 1984 ਦਾ ਇਨਸਾਫ਼ ਲੈ ਕੇ ਰਹਾਂਗੇ ਅਤੇ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ, ਕੌਮ ਦਾ ਰੋਸ ਸ਼ਾਂਤ ਨਹੀਂ ਹੋਵੇਗਾ |