ਹਾਜੀਪੁਰ, 13 ਮਈ (ਜੋਗਿੰਦਰ ਸਿੰਘ)- ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੀ ਵਿਦਿਆਰਥਣ ਧਨਅਰਜਿਤਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਰਿਟ ਸੂਚੀ ਵਿਚ ਆਪਣਾ ਸਥਾਨ ਬਣਾਇਆ ਹੈ | ਬੋਰਡ ਦੀ 10+2 ਮੈਰਿਟ ਸੂਚੀ ਅਨੁਸਾਰ ਧਨਅਰਜਿਤਾ ਨੇ 500 ਵਿਚੋਂ 488 ਅੰਕ ਪ੍ਰਾਪਤ ਕਰਕੇ ਸੂਬੇ ਵਿਚ 13ਵਾਂ ਰੈਂਕ ਅਤੇ ਜ਼ਿਲ੍ਹਾ ਪੱਧਰ 'ਤੇ ਪੰਜਵਾਂ ਸਥਾਨ ਹਾਸਲ ਕੀਤਾ ਹੈ | ਇਸ ਉਪਲਬਧੀ ਨਾਲ ਸਕੂਲ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਧਨਅਰਜਿਤਾ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਵਿਚ ਵੀ ਖ਼ਾਸ ਮੁਕਾਮ ਬਣਾਇਆ ਹੈ | ਉਹ ਲਗਾਤਾਰ ਦੋ ਸਾਲ ਸਕੂਲ ਦੀ ਅੰਡਰ-19 ਖੋ-ਖੋ ਟੀਮ ਦੀ ਕਪਤਾਨ ਰਹੀ ਅਤੇ ਜ਼ੋਨਲ ਟੂਰਨਾਮੈਂਟ ਵਿਚ ਟੀਮ ਨੂੰ ਜਿੱਤ ਦਿਵਾਈ | ਇਸ ਮੌਕੇ ਸਕੂਲ ਵਿਚ ਇੱਕ ਸਧਾਰਨ ਸਮਾਰੋਹ ਦੌਰਾਨ ਪਿ੍ੰਸੀਪਲ ਦੀਪਕ ਸ਼ਰਮਾ ਅਤੇ ਸਟਾਫ਼ ਵੱਲੋਂ ਧਨਅਰਜਿਤਾ ਨੂੰ ਸਨਮਾਨਿਤ ਕਰਦਿਆਂ ਉਸ ਦੀ ਕਾਮਯਾਬੀ 'ਤੇ ਖ਼ੁਸ਼ੀ ਜਤਾਈ ਗਈ | ਉਨ੍ਹਾਂ ਕਿਹਾ ਕਿ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਬਣੇਗੀ | ਉਨ੍ਹਾਂ ਧਨਅਰਜਿਤਾ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ | ਇਸ ਮੌਕੇ ਲੈਕਚਰਾਰ ਰਿਤੂ ਸ਼ਰਮਾ, ਲੈਕਚਰਾਰ ਸਮਰਜੀਤ ਸਿੰਘ, ਕਿ੍ਸ਼ਨਾ ਕੁਮਾਰੀ, ਸੁਧਾ, ਲੈਕ. ਮਨੋਜ ਕੁਮਾਰ, ਤੇਜਿੰਦਰ ਸਿੰਘ, ਰਾਜਿੰਦਰ ਕੌਰ, ਗੁਰਦਿਆਲ ਸਿੰਘ, ਪਰਮਿੰਦਰ ਸਿੰਘ, ਅਲਕਾ, ਸਾਕਸ਼ੀ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |