ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਅਰਲੀ ਲਰਨਿੰਗ ਸੈਂਟਰ ਵਿਚ ਨੰਨ੍ਹੇ ਬੱਚਿਆਂ ਲਈ ਇਕ ਰੰਗ-ਬਰੰਗੀ ਤੇ ਸਿੱਖਣ ਯੋਗ ਫਰੂਟ ਥੀਮ ਐਕਟੀਵਿਟੀ ਕਰਵਾਈ ਗਈ, ਜਿਸ 'ਚ ਖ਼ਾਸ ਤੌਰ 'ਤੇ ਫਰੂਟ ਸਟਾਲ ਲਗਾਏ ਗਏ | ਕਲਾਸ-ਰੂਮ ਨੂੰ ਸੋਹਣੇ ਢੰਗ ਨਾਲ ਸਜਾਇਆ, ਜਿਥੇ ਅਧਿਆਪਕਾਵਾਂ ਫਲ ਵੇਚਣ ਵਾਲੀਆਂ ਬਣੀਆਂ ਤੇ ਬੱਚੇ ਕਰੰਸੀ ਨੋਟਾਂ ਨਾਲ ਫਲ ਖ਼ਰੀਦਣ ਵਾਲੇ ਗਾਹਕ ਬਣੇ | ਇਸ ਗਤੀਵਿਧੀ ਰਾਹੀਂ ਬੱਚਿਆਂ ਨੇ ਵੱਖ-ਵੱਖ ਫਲਾਂ ਦੇ ਨਾਂਅ, ਰੰਗ, ਸੁਆਦ, ਆਕਾਰ, ਬਨਾਵਟ ਤੇ ਪੋਸ਼ਣ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ | ਇਸ ਦੇ ਨਾਲ ਹੀ ਬੱਚਿਆਂ ਨੇ ਖ਼ਰੀਦਦਾਰੀ ਕਰਨਾ, ਸਹੀ ਚੀਜ਼ ਚੁਣਨਾ, ਗੱਲਬਾਤ ਕਰਨਾ ਅਤੇ ਪੈਸਿਆਂ ਦੀ ਵਰਤੋਂ ਕਰਨੀ ਵੀ ਸਿੱਖੀ | ਅਰਲੀ ਲਰਨਿੰਗ ਸੈਂਟਰ ਦੀ ਡੀਨ ਡਾ. ਸਿਮਰਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ | ਉਨ੍ਹਾਂ ਨੇ ਦੱਸਿਆ ਕਿ ਐਕਟੀਵਿਟੀ ਆਧਾਰਿਤ ਸਿੱਖਿਆ ਰਾਹੀਂ ਬੱਚਿਆਂ 'ਚ ਆਤਮਵਿਸ਼ਵਾਸ, ਸਮਾਜਿਕ ਕੌਸ਼ਲ, ਫ਼ੈਸਲਾ ਲੈਣ ਦੀ ਯੋਗਤਾ ਤੇ ਪ੍ਰਯੋਗਾਤਮਿਕ ਗਿਆਨ ਦਾ ਵਿਕਾਸ ਹੁੰਦਾ ਹੈ | ਵੁੱਡਲੈਂਡ ਅਰਲੀ ਲਰਨਿੰਗ ਸੈਂਟਰ ਵਲੋਂ ਹਮੇਸ਼ਾ ਇਸ ਤਰ੍ਹਾਂ ਦੇ ਰਚਨਾਤਮਿਕ ਤੇ ਸਕਿਲ ਐਨਹਾਂਸਿੰਗ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਨੂੰ ਖੁਸ਼ਗਵਾਰ ਤੇ ਪ੍ਰਭਾਵਸ਼ਾਲੀ ਸਿੱਖਣ ਦਾ ਅਨੁਭਵ ਮਿਲ ਸਕੇ |