ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ਵਿਖੇ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਮਾਂ ਦਿਵਸ ਸੰਬੰਧੀ ਵਿਦਿਆਰਥੀਆਂ ਲਈ ਰਚਨਾਤਮਿਕ ਤੇ ਕਲਾਤਮਕ ਮੁਕਾਬਲੇ ਕਰਵਾਏ ਗਏ | ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ 'ਚ ਕਲਾ ਪ੍ਰਤੀ ਰੁਚੀ ਪੈਦਾ ਕਰਨਾ, ਮਾਤਾ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਦੀਆਂ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਉਭਾਰਨਾ ਸੀ | ਸਕੂਲ ਦਾ ਮਾਹੌਲ ਰੰਗ-ਬਿਰੰਗੀਆਂ ਸਜਾਵਟਾਂ ਤੇ ਵਿਦਿਆਰਥੀਆਂ ਦੀਆਂ ਰਚਨਾਵਾਂ ਨਾਲ ਖਿੜਿਆ ਹੋਇਆ ਨਜ਼ਰ ਆਇਆ | ਨਰਸਰੀ ਤੋਂ ਯੂ. ਕੇ. ਜੀ. ਜਮਾਤ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਕੇਕ ਕੱਟ ਕੇ ਮਾਂ ਦਿਵਸ ਮਨਾਇਆ | ਬੱਚਿਆਂ ਨੂੰ ਡਾਂਸ ਵੀ ਕਰਵਾਇਆ ਅਤੇ ਬੱਚਿਆਂ ਦੁਆਰਾ ਆਪਣੀ ਮਾਂ ਲਈ ਕਾਰਡ ਵੀ ਬਣਾਏ ਗਏ | ਪਹਿਲੀ ਤੋਂ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕਾਰਡ ਬਣਾਉਣ ਦਾ ਮੁਕਾਬਲਾ ਕਰਵਾਇਆ | ਚੌਥੀ ਤੋਂ ਛੇਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਗੁਲਦਸਤਾ ਬਣਾਉਣ ਮੁਕਾਬਲਾ ਕਰਵਾਇਆ | ਸੱਤਵੀਂ ਤੋਂ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀਆਂ ਲਈ ਹੈਂਗਿੰਗ ਡੈਕੋਰੇਸ਼ਨ ਚੀਜ਼ਾਂ ਦਾ ਮੁਕਾਬਲਾ ਕਰਵਾਇਆ ਗਿਆ | ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਤੇ ਰੁਚੀ ਨਾਲ ਭਾਗ ਲਿਆ | ਨਤੀਜਿਆਂ ਅਨੁਸਾਰ ਪਹਿਲੀ ਤੋਂ ਤੀਜੀ ਜਮਾਤ ਤੱਕ 'ਚੋਂ ਪਹਿਲਾ ਸਥਾਨ ਮਨਜੋਤ ਸਿੰਘ (ਕਲਾਸ ਦੂਸਰੀ ਬੀ ) ਨੇ ਹਾਸਲ ਕੀਤਾ, ਜਦਕਿ ਦੂਜਾ ਸਥਾਨ ਜੈਸਿਕਾ (ਕਲਾਸ ਤੀਸਰੀ) ਨੇ ਪ੍ਰਾਪਤ ਕੀਤਾ | ਚੌਥੀ ਤੋਂ ਛੇਵੀਂ ਜਮਾਤਾਂ 'ਚੋਂ ਪਹਿਲਾ ਸਥਾਨ ਚਕਸ਼ਿਕਾ ਠਾਕੁਰ (ਕਲਾਸ ਸ਼ੇਵੀ) ਨੇ ਅਤੇ ਦੂਜਾ ਸਥਾਨ ਪਰਮਿੰਦਰ ਕੌਰ (ਕਲਾਸ ਪੰਜਵੀਂ) ਨੇ ਹਾਸਿਲ ਕੀਤਾ | ਇਸੇ ਤਰ੍ਹਾਂ ਸੱਤਵੀਂ ਤੋਂ ਬਾਰ੍ਹਵੀਂ ਜਮਾਤਾਂ 'ਚੋਂ ਪਹਿਲਾ ਸਥਾਨ ਮੰਨਤ ਸੰਧੂ (ਗਿਆਰ੍ਹਵੀਂ) ਅਤੇ ਦੂਜਾ ਸਥਾਨ ਸਹਿਜਪ੍ਰੀਤ ਕੌਰ (ਬਾਰ੍ਹਵੀਂ) ਨੇ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਅਸ਼ਵਨੀ ਕੁਮਾਰ ਤੇ ਵਾਈਸ ਪਿ੍ੰਸੀਪਲ ਜਗਮੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦੀਆਂ ਹਨ ਅਤੇ ਉਨ੍ਹਾਂ ਦੀ ਰਚਨਾਤਮਿਕ ਸੋਚ ਨੂੰ ਨਿਖਾਰਦੀਆਂ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ |