ਸ਼ਾਮਚੁਰਾਸੀ, 14 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਸਿਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਸਮਾਜ ਸੇਵਕ ਤੇ ਮਾਨਵਤਾ ਦੀ ਸੇਵਾ ਵਿਚ ਹਮੇਸ਼ਾ ਤਤਪਰ ਰਹਿਣ ਵਾਲੀ ਸ਼ਖ਼ਸੀਅਤ ਕਰਮਜੀਤ ਸਿੰਘ ਸ਼ਾਹੀ ਨੇ ਜਲ ਸਰੋਤਾਂ ਦੀ ਮਹੱਤਤਾ ਪਛਾਣਦੇ ਹੋਏ ਜਲ ਸਰੋਤਾਂ ਦੀ ਸਾਂਭ-ਸੰਭਾਲ ਤੇ ਉਨ੍ਹਾਂ ਨੂੰ ਬਚਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲਿਆਂ ਨੇ ਆਪਣੇ ਜੀਵਨ ਦੌਰਾਨ 'ਜਲ ਦੀ ਸੇਵਾ' ਨੂੰ ਪਰਉਪਕਾਰ ਦਾ ਸਭ ਤੋਂ ਵੱਡਾ ਸਾਧਨ ਮੰਨਿਆ ਸੀ | ਉਨ੍ਹਾਂ ਵਲੋਂ ਪਾਣੀ ਦੀ ਸੇਵਾ ਰਾਹੀਂ ਮਾਨਵਤਾ ਤੇ ਜੀਵ-ਜੰਤੂਆਂ ਦੇ ਭਲੇ ਲਈ ਕੀਤੇ ਗਏ ਕਾਰਜ ਅੱਜ ਵੀ ਸਾਡੇ ਲਈ ਮਾਰਗ-ਦਰਸ਼ਕ ਹਨ | ਸ਼ਾਹੀ ਨੇ ਅਪੀਲ ਕੀਤੀ ਕਿ ਸਾਨੂੰ ਬਾਬਾ ਜਵਾਹਰ ਦਾਸ ਦੇ ਉੱਚੇ-ਸੁੱਚੇ ਜੀਵਨ ਅਤੇ ਉਨ੍ਹਾਂ ਵਲੋਂ ਦਰਸਾਏ ਸੇਵਾ ਦੇ ਮਾਰਗ ਤੋਂ ਸੇਧ ਲੈਂਦੇ ਹੋਏ ਜਲ ਦੀ ਮਹੱਤਤਾ ਨੂੰ ਪਛਾਣਨਾ ਚਾਹੀਦਾ ਹੈ | ਸ਼ਾਹੀ ਨੇ ਚਿੰਤਾ ਪ੍ਰਗਟਾਉਦਿਆਂ ਕਿਹਾ ਕਿ ਧਰਤੀ ਹੇਠਲਾ ਪਾਣੀ ਲਗਾਤਾਰ ਘਟ ਰਿਹਾ ਹੈ ਤੇ ਜਲ ਸਰੋਤ ਪ੍ਰਦੂਸ਼ਿਤ ਹੋ ਰਹੇ ਹਨ | ਜੇਕਰ ਅਸੀਂ ਅੱਜ ਸੁਚੇਤ ਨਾ ਹੋਏ, ਤਾਂ ਆਉਣ ਵਾਲੀਆਂ ਨਸਲਾਂ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ |