ਨੰਗਲ ਬਿਹਾਲਾਂ, 14 ਮਈ (ਵਿਨੋਦ ਮਹਾਜਨ)-ਪੰਜਾਬ ਸਰਕਾਰ ਵਲੋਂ ਸਾਰੇ ਪੰਜਾਬ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਜੋਕਿ ਸ਼ਲਾਘਾਯੋਗ ਹੈ | ਉਕਤ ਗੱਲਾਂ ਦਾ ਪ੍ਰਗਟਾਵਾ ਬਲਾਕ ਸੰਮਤੀ ਮੈਂਬਰ ਮਸਜਿੰਦਰ ਸਿੰਘ ਮੁਰਾਦਪੁਰ ਅਵਾਣਾ ਵਲੋਂ ਕੀਤਾ | ਉਨ੍ਹਾਂ ਕਿਹਾ ਕਿ ਸਾਡੇ ਵਿਧਾਨ ਸਭਾ ਹਲਕੇ ਮੁਕੇਰੀਆਂ 'ਚ ਲਿੰਕ ਸੜਕਾਂ ਦੀ ਮੁਰੰਮਤ ਅਤੇ ਉਸਾਰੀ ਦਾ ਕੰਮ ਸੰਬੰਧਿਤ ਵਿਭਾਗ ਵਲੋਂ ਬੜੇ ਸੁਚੱਜੇ ਢੰਗ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਸੜਕਾਂ ਹੇਠਾਂ ਬਣੀਆਂ ਪੁਲੀਆਂ ਦੀ ਸਾਫ਼ ਸਫ਼ਾਈ ਅਤੇ ਮੁਰੰਮਤ ਵਿਭਾਗਾਂ ਵਲੋਂ ਨਹੀਂ ਕਰਵਾਈ ਗਈ, ਜਿਸ ਕਾਰਨ ਭਵਿੱਖ ਵਿਚ ਬਰਸਾਤ ਦੇ ਮੌਸਮ 'ਚ ਪਾਣੀ ਦੇ ਨਿਕਾਸ ਦਾ ਰਾਹ ਬੰਦ ਹੋਣ ਕਾਰਨ ਬਰਸਾਤ ਦਾ ਪਾਣੀ ਸੜਕਾਂ ਤੋਂ ਗੁਜ਼ਰੇਗਾ, ਜਿਸ ਨਾਲ ਨਵੀਂ ਬਣੀ ਸੜਕ ਆਪਣੀ ਮਿਆਦ ਤੋਂ ਪਹਿਲਾਂ ਹੀ ਟੁੱਟ ਜਾਵੇਗੀ | ਉਨ੍ਹਾਂ ਕਿਹਾ ਜੇਕਰ ਸੜਕਾਂ ਬਣਾਉਣ ਤੋਂ ਪਹਿਲਾਂ ਹੀ ਪੁਲੀਆਂ ਦੀ ਸਫ਼ਾਈ ਤੇ ਹੋਰ ਮੁਰੰਮਤ ਕਰਵਾ ਦਿੱਤੀ ਜਾਵੇਗੀ ਤਾਂ ਮੀਂਹ ਦਾ ਪਾਣੀ ਆਸਾਨੀ ਨਾਲ ਸੜਕ ਹੇਠਾਂ ਤੋਂ ਲੰਘ ਜਾਵੇਗਾ ਤੇ ਸੜਕ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਨਵੀਆਂ ਸੜਕਾਂ ਬਣਾ ਰਹੇ ਠੇਕੇਦਾਰਾਂ ਨੂੰ ਹਦਾਇਤਾਂ ਜਾਰੀ ਕਰਕੇ ਸੜਕਾਂ ਕੰਢੇ ਨਾਜਾਇਜ਼ ਉਸਾਰੀਆਂ ਅਤੇ ਬਰ੍ਹਮਾ ਨੂੰ ਠੀਕ ਕਰਕੇ ਸੜਕਾਂ ਬਣਾਈਆਂ ਜਾਣ ਜੋ ਭਵਿੱਖ 'ਚ ਇਨ੍ਹਾਂ ਸੜਕਾਂ ਤੋਂ ਯਾਤਾਯਾਤ ਪ੍ਰਭਾਵਿਤ ਨਾ ਹੋਵੇ |