ਅੱਡਾ ਸਰਾਂ, 21 ਮਈ (ਮਸੀਤੀ)-ਬਾਗ਼ਬਾਨੀ ਵਿਭਾਗ ਦੀ ਟੀਮ ਨੇ ਪਿੰਡ ਸੰਧਰਾਂ ਵਿਖੇ ਅਗਾਂਹਵਧੂ ਕਿਸਾਨ ਹਰਜੀਤ ਸਿੰਘ ਦੇ ਕਿੰਨੂ ਦੇ ਬਾਗ ਦਾ ਨਿਰੀਖਣ ਕੀਤਾ | ਬਾਗ਼ਬਾਨ ਵਲੋਂ ਆਪਣੇ ਇਸ ਬਾਗ 'ਚ ਤੁਪਕਾ ਸਿੰਚਾਈ ਪ੍ਰਣਾਲੀ ਅਪਣਾਈ ਗਈ ਹੈ, ਜੋ ਗਰਮੀਆਂ ਦੇ ਅੱਤ ਦੇ ਮੌਸਮ 'ਚ ਬਹੁਤ ਲਾਹੇਵੰਦ ਸਾਬਿਤ ਹੋ ਰਹੀ ਹੈ | ਇਸ ਮੌਕੇ ਮਾਹਿਰਾਂ ਨੇ ਦੱਸਿਆ ਕਿ ਰਵਾਇਤੀ ਸਿੰਚਾਈ ਦੇ ਮੁਕਾਬਲੇ ਇਸ ਸਿਸਟਮ ਰਾਹੀਂ ਪਾਣੀ ਸਿੱਧਾ ਬੂਟਿਆਂ ਦੀਆਂ ਜੜ੍ਹਾਂ 'ਚ ਪਹੁੰਚਦਾ ਹੈ, ਜਿਸ ਨਾਲ ਵਾਸ਼ਪੀਕਰਨ ਨਹੀਂ ਹੁੰਦਾ ਅਤੇ 50 ਫ਼ੀਸਦੀ ਤੋਂ 70 ਫ਼ੀਸਦੀ ਤੱਕ ਪਾਣੀ ਦੀ ਬੱਚਤ ਹੁੰਦੀ ਹੈ | ਗਰਮੀਆਂ ਦੌਰਾਨ ਨਿਰੰਤਰ ਨਮੀ ਮਿਲਣ ਸਦਕਾ ਕਿੰਨੂ ਦਾ ਛੋਟਾ ਫਲ ਡਿੱਗਣ ਦੀ ਸਮੱਸਿਆ ਘਟਦੀ ਹੈ ਤੇ ਫਲ ਦੀ ਗੁਣਵੱਤਾ (ਸਾਈਜ਼ ਤੇ ਚਮਕ) ਵਿਚ ਸੁਧਾਰ ਹੁੰਦਾ ਹੈ | ਇਸ ਤੋਂ ਇਲਾਵਾ, ਫਰਟੀਗੇਸ਼ਨ ਤਕਨੀਕ ਰਾਹੀਂ ਖਾਦਾਂ ਦੀ ਸਹੀ ਵਰਤੋਂ ਹੁੰਦੀ ਹੈ ਅਤੇ ਨਦੀਨਾਂ ਤੇ ਬਿਮਾਰੀਆਂ ਦਾ ਪ੍ਰਕੋਪ ਘਟਦਾ ਹੈ | ਇਸ ਮੌਕੇ ਡਾ. ਜਸਪਾਲ ਸਿੰਘ ਸਹਾਇਕ ਡਾਇਰੈਕਟਰ ਬਾਗ਼ਬਾਨੀ ਭੂੰਗਾ, ਡਾ. ਲਖਬੀਰ ਸਿੰਘ ਬਾਗ਼ਬਾਨੀ ਵਿਕਾਸ ਅਫ਼ਸਰ ਭੂੰਗਾ, ਹਰਦੀਪ ਸਿੰਘ ਬਾਗ਼ਬਾਨੀ ਇੰਸਪੈਕਟਰ ਅਤੇ ਖੇਤੀਬਾੜੀ ਵਿਭਾਗ ਵਲੋਂ ਬਲਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਹਾਜ਼ਰ ਸਨ |