ਗੜ੍ਹਸ਼ੰਕਰ, 23 ਮਈ (ਧਾਲੀਵਾਲ)-ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ 'ਚ ਐਡਵੋਕੇਟ ਜਸਵੀਰ ਸਿੰਘ ਰਾਏ ਮੋਰਾਂਵਾਲੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਤੀਜਾ ਸਮਰ ਕੈਂਪ ਲਗਾਉਣ ਸੰਬੰਧੀ ਫ਼ੈਸਲੇ ਲਏ ਗਏ | ਇਸ ਮੌਕੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਦੱਸਿਆ ਕਿ ਤੀਜਾ ਸਮਰ ਕੈਂਪ 31 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਖੇਡ ਮੈਦਾਨ 'ਚ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਮੈਡਮ ਇੰਦਰਜੀਤ ਕੌਰ ਕੈਨੇਡਾ ਪਤਨੀ ਸਵਰਗੀ ਸੰਤੋਖ ਸਿੰਘ ਰਿਟਾਇਰਡ ਪਿ੍ੰਸੀਪਲ ਕਰਨਗੇ | ਉਨ੍ਹਾਂ ਦੱਸਿਆ ਕਿ ਕੈਂਪ ਵਿਚ 5 ਸਾਲ ਤੋਂ 16 ਸਾਲ ਤੱਕ ਦੇ ਬੱਚੇ ਹਿੱਸਾ ਲੈ ਸਕਣਗੇ, ਜਿਨ੍ਹਾਂ ਨੂੰ ਇੰਦਰ ਕੁਮਾਰ ਸੇਵਾ-ਮੁਕਤ ਆਰਮੀ ਅਫ਼ਸਰ ਤੇ ਕੋਚ ਸੁਪਰੀਅਨ ਡਾਂਗ ਵਲੋਂ ਕੋਚਿੰਗ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸਮਰ ਕੈਂਪ ਦੀ ਦੇਖ-ਰੇਖ ਇੰਟਰਨੈਸ਼ਨਲ ਫੁੱਟਬਾਲ ਸੁਨੀਲ ਗੋਲਡੀ ਪੰਜਾਬ ਪੁਲਿਸ ਵਲੋਂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਕੈਂਪ 'ਚ ਛੱਡਣ ਅਤੇ ਵਾਪਸ ਲੈ ਕੇ ਜਾਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੋਵੇਗੀ | ਮੀਟਿੰਗ 'ਚ ਪ੍ਰਧਾਨ ਜਸਵੀਰ ਸਿੰਘ ਰਾਏ ਨਾਲ ਕਮਲਜੀਤ ਬੈਂਸ, ਅਵਤਾਰ ਸਿੰਘ ਸੀਹਰਾ ਪਾਰੋਵਾਲ, ਸੁਨੀਲ ਗੋਲਡੀ, ਸਤਨਾਮ ਸਿੰਘ, ਰਮਨ ਬੰਗਾ, ਇੰਦਰ ਕੁਮਾਰ ਕੋਚ, ਰਾਜ ਪਾਲ ਹੈਪੀ, ਲਖਵੀਰ ਲੱਕੀ, ਸੁਪਰੀਅਨ ਡਾਂਗ, ਅਫਰੀਦੀ ਪਾਰੋਵਾਲ, ਰਮਨ ਜਰਮਨੀ, ਚੇਤਨ ਤੇ ਹੋਰ ਹਾਜ਼ਰ ਸਨ |