ਹੁਸ਼ਿਆਰਪੁਰ, 25 ਮਈ (ਨਰਿੰਦਰ ਸਿੰਘ ਬੱਡਲਾ)-ਸਥਾਨਕ ਮੁਹੱਲਾ ਸੁੰਦਰ ਨਗਰ 'ਚ ਨਾ ਮਾਤਰ ਹੋਏ ਵਿਕਾਸ ਕਾਰਜਾਂ ਤੇ ਜਗ੍ਹਾ ਜਗ੍ਹਾ ਫੈਲੀ ਗੰਦਗੀ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਰਾਜਸੀ ਪਾਰਟੀ ਦਾ ਸਮਰਥਨ ਨਹੀਂ ਕਰਨਗੇ ਤੇ ਨਾ ਹੀ ਮੁਹੱਲੇ 'ਚ ਕਿਸੇ ਵੀ ਸਿਆਸੀ ਪਾਰਟੀ ਨੂੰ ਦਫ਼ਤਰ ਖੋਲ੍ਹਣ ਦਿੱਤਾ ਜਾਵੇਗਾ | ਇਸ ਮੌਕੇ ਸਰਕਾਰ ਦਾ ਵਿਰੋਧ ਕਰਦਿਆਂ ਕੌਂਸਲਰ ਨਰਿੰਦਰ ਕੌਰ, ਕੁਲਦੀਪ ਸਿੰਘ, ਲਾਲੀ ਤੇ ਹੋਰਨਾਂ ਮੁਹੱਲਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਦੀ ਸਰਕਾਰ ਜਾਂ ਨਿਗਮ ਨੇ ਕਦੇ ਵੀ ਸਾਰ ਨਹੀਂ ਲਈ ਅਤੇ ਨਾ ਹੀ ਮੁਹੱਲੇ 'ਚ ਕੋਈ ਵਿਕਾਸ ਕਾਰਜ ਹੋਏ ਹਨ, ਜਿਸ ਦੇ ਚੱਲਦਿਆਂ ਮੁਹੱਲੇ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਨਾ ਤਾਂ ਸੜਕਾਂ ਵੱਲ ਧਿਆਨ ਦਿੱਤਾ ਗਿਆ, ਨਾ ਸਟਰੀਟ ਲਾਈਟਾਂ ਵੱਲ ਤੇ ਨਾ ਹੀ ਕਿਸੇ ਹੋਰ ਬੁਨਿਆਦੀ ਸਹੂਲਤਾਂ ਵੱਲ | ਉਨ੍ਹਾਂ ਕਿਹਾ ਕਿ ਇਥੋਂ ਤੱਕ ਮੁਹੱਲੇ 'ਚ ਪੀਣ ਵਾਲਾ ਸਾਫ਼ ਸੁਥਰਾ ਪਾਣੀ ਵੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਉਹ ਸਾਰੀਆਂ ਰਾਜਸੀ ਪਾਰਟੀਆਂ ਦੇ ਵਾਅਦਿਆਂ ਤੋਂ ਅੱਕ ਚੁੱਕੇ ਹਨ ਅਤੇ ਐਲਾਨ ਕਰਦੇ ਹਨ ਉਹ ਕਿਸੇ ਵੀ ਰਾਜਸੀ ਪਾਰਟੀ ਨੂੰ ਵੋਟ ਨਹੀਂ ਦੇਣਗੇ ਅਤੇ ਨਾ ਹੀ ਕਿਸੇ ਪਾਰਟੀ ਨੂੰ ਮੁਹੱਲੇ 'ਚ ਦਫ਼ਤਰ ਖੋਲ੍ਹਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਐਲਾਨ ਕਰਦੇ ਹਨ ਕਿ ਕੋਈ ਵੀ ਰਾਜਸੀ ਆਗੂ ਵੋਟਾਂ ਮੰਗਣ ਲਈ ਉਨ੍ਹਾਂ ਦੇ ਮੁਹੱਲੇ ਨਾ ਆਵੇ |