ਟਾਂਡਾ ਉੜਮੁੜ, 25 ਮਈ (ਭਗਵਾਨ ਸਿੰਘ ਸੈਣੀ)-ਮਹਾਨ ਤਪਸਵੀ, ਬ੍ਰਹਮਗਿਆਨੀ, ਪ੍ਰਸਿੱਧ ਧਾਰਮਿਕ ਆਗੂ ਤੇ ਸਮਾਜ ਸੁਧਾਰਕ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਸਾਲਾਨਾ ਬਰਸੀ ਗੁਰਦੁਆਰਾ ਕਿੱਲਾ ਪੱਤੀ ਜਲਾਲਪੁਰ ਵਿਖੇ 28 ਮਈ ਨੂੰ ਪਿੰਡ ਜਲਾਲਪੁਰ ਵਿਖੇ ਸ਼ਰਧਾ, ਸਤਿਕਾਰ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ | ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਇਸ ਮਹਾਨ ਧਾਰਮਿਕ ਸਮਾਗਮ ਤਹਿਤ 26 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ | ਜਿਸ ਦੇ ਭੋਗ ਮਿਤੀ 28 ਮਈ ਨੂੰ ਪੈਣਗੇ | ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਜਾਵੇਗਾ | ਇਸ ਮੌਕੇ ਭਾਈ ਜਗਦੀਪ ਸਿੰਘ (ਕਥਾਵਾਚਕ ਪੁਲ ਪੁਖ਼ਤਾ ਸਾਹਿਬ ਵਾਲੇ), ਭਾਈ ਕਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਅਮਰਜੀਤ ਸਿੰਘ ਢਾਡੀ ਜਥਾ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨਗੇ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ | ਪ੍ਰਬੰਧਕਾਂ ਨੇ ਦੱਸਿਆ ਕਿ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਨੇ ਆਪਣਾ ਸਾਰਾ ਜੀਵਨ ਧਰਮ ਪ੍ਰਚਾਰ, ਮਨੁੱਖਤਾ ਦੀ ਸੇਵਾ ਤੇ ਸਮਾਜ ਸੁਧਾਰ ਲਈ ਸਮਰਪਿਤ ਕੀਤਾ | ਇਸ ਮੌਕੇ ਸਮੂਹ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ | ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਸਮਾਗਮ ਵਿਚ ਸ਼ਾਮਿਲ ਹੋਣ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਹੈ | ਇਸ ਮੌਕੇ ਚੇਅਰਮੈਨ ਲਖਵੀਰ ਸਿੰਘ, ਪ੍ਰਧਾਨ ਕਰਨੈਲ ਸਿੰਘ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ ਨੰਬਰਦਾਰ, ਅਜੀਤ ਸਿੰਘ ਪੰਚ, ਸੁਖਵਿੰਦਰ ਸਿੰਘ, ਸਾਬਕਾ ਮੈਂਬਰ ਖਬੀਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਮੈਂਬਰ, ਕੁਲਵਿੰਦਰ ਸਿੰਘ, ਬਲਜੀਤ ਸਿੰਘ, ਜਸਵਿੰਦਰ ਸਿੰਘ, ਸਾਬੀ ਤੇ ਪਿੰਡ ਵਾਸੀ ਮੌਜੂਦ ਸਨ |