ਚੋਲਾਂਗ, 26 ਮਈ (ਸੁਖਦੇਵ ਸਿੰਘ)- ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਪੈੱ੍ਰਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜੋ ਮਾਣਯੋਗ ਸੁਪਰੀਮ ਕੋਰਟ ਵਲੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਦਿੱਤਾ ਗਿਆ ਇਤਿਹਾਸਿਕ ਫ਼ੈਸਲਾ ਉਸ ਫ਼ੈਸਲੇ ਨੂੰ ਪੰਜਾਬ ਸਰਕਾਰ ਤੁਰੰਤ ਲਾਗੂ ਕਰੇ | ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜੰਗਵੀਰ ਸਿੰਘ ਚੌਹਾਨ ਪ੍ਰਧਾਨ ਕਿਉਂਕਿ ਪਿੰਡ ਵਾਸੀਆਂ ਤੇ ਸ਼ਹਿਰ ਵਾਸੀਆਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ | ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਇਸ ਫ਼ੈਸਲੇ ਨੂੰ ਸ਼ਲਾਘਾਯੋਗ ਅਤੇ ਸਮੇਂ ਦੀ ਲੋੜ ਕਰਾਰ ਦਿੱਤਾ | ਚੌਹਾਨ ਨੇ ਕਿਹਾ ਕਿ ਪਿੰਡਾਂ ਵਿਚ ਆਵਾਰਾ ਕੁੱਤੇ ਕਿਸਾਨਾਂ ਲਈ ਸਭ ਤੋਂ ਵੱਡੀ ਮੁਸੀਬਤ ਬਣੇ ਹੋਏ ਹਨ | ਇਹ ਕਿਸਾਨਾਂ ਦੀ ਫ਼ਸਲਾਂ ਕਣਕ ਸਬਜ਼ੀਆਂ, ਮੁਰਗ਼ੀ ਫਾਰਮ, ਬੱਕਰੀ ਫਾਰਮ ਅਤੇ ਜੋ ਕਿਸਾਨਾਂ ਨੇ ਪਾਲਤੂ ਪਸ਼ੂ ਡੰਗਰ ਮੱਝਾਂ ਗਾਵਾਂ ਰੱਖੇ ਹੋਏ ਹੁੰਦੇ ਹਨ, ਉਨਾਂ ਦੇ ਨਿੱਕੇ ਵੱਛੇ ਕੱਟਿਆਂ ਨੂੰ ਖਾ ਜਾਂਦੇ ਹਨ ਅਤੇ ਨਿੱਕੇ ਨਿੱਕੇ ਬੱਚੇ ਜਦੋਂ ਸਕੂਲ ਜਾਂਦੇ ਜਾਂ ਬਜ਼ੁਰਗ ਗਲੀਆਂ ਵਿਚ ਨਿਕਲਦੇ ਇਹ ਕੁੱਤਿਆਂ ਦੇ ਝੁੰਡਾਂ ਦਾ ਸ਼ਿਕਾਰ ਹੋ ਜਾਂਦੇ ਹਨ | ਖੇਤਾਂ ਵਿਚ ਕੰਮ ਕਰਦੇ ਕਿਸਾਨ ਮਜ਼ਦੂਰਾਂ ਨੂੰ ਵੱਢ ਲੈਂਦੇ ਹਨ | ਸੁਪਰੀਮ ਕੋਰਟ ਨੇ ਕਿਸਾਨਾਂ ਅਤੇ ਆਮ ਲੋਕਾਂ ਦਾ ਦਰਦ ਸਮਝਿਆ ਹੈ | ਉਨਾਂ ਕਿਹਾ ਕਿ ਜੋ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਖੇਤਾਂ ਨੇੜੇ ਹਮਲਾਵਰ ਕੁੱਤਿਆਂ ਨੂੰ ਤੁਰੰਤ ਰੈਸਕਿਊ ਕਰਕੇ ਸੈਲਟਰ ਭੇਜਿਆ ਜਾਵੇ | ਇਸ ਨਾਲ ਸਬਜ਼ੀਆਂ ਅਤੇ ਹਾੜੀ ਸਾਉਣੀ ਦੀਆਂ ਫ਼ਸਲਾਂ ਦਾ ਨੁਕਸਾਨ ਰੁਕੇਗਾ | ਕੁੱਤਿਆਂ ਦੇ ਹਮਲਿਆਂ ਨਾਲ ਹਰ ਸਾਲ ਕਈ ਜਾਨਾਂ ਜਾਂਦੀਆਂ ਹਨ | ਹਰ ਸਾਲ ਸੈਂਕੜੇ ਬੱਕਰੀਆਂ, ਭੇਡਾਂ, ਛੋਟੇ ਬਚੜੇ ਨਿੱਕੇ ਜਵਾਕ ਅਤੇ ਬਜ਼ੁਰਗ ਇਨਾਂ ਕੁੱਤਿਆਂ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਤੋਂ ਹੱਥ ਧੋ ਬਹਿੰਦੇ ਹਨ | ਜ਼ਿਲਾ ਪੱਧਰ 'ਤੇ ਸੈਲਟਰ ਬਣਨ ਨਾਲ ਪਸ਼ੂ ਪਾਲਕਾਂ ਨੂੰ ਰਾਹਤ ਮਿਲੇਗੀ, ਛੇ ਮਹੀਨੇ ਵਿਚ 90 ਫ਼ੀਸਦੀ ਕੁੱਤਿਆਂ ਦੀ ਨਸਬੰਦੀ ਦਾ ਹੁਕਮ ਪਿੰਡਾਂ ਲਈ ਵਰਦਾਨ ਹੈ | ਕੁੱਤਿਆਂ ਦੀ ਆਬਾਦੀ ਕੰਟਰੋਲ ਹੀ ਪੱਕਾ ਹੱਲ ਹੈ | ਇਸ ਫ਼ੈਸਲੇ ਵਿਚ ਪੰਚਾਇਤਾਂ ਨੂੰ ਫੀਡਿੰਗ ਪੁਆਇੰਟ ਅਤੇ ਨਸਬੰਦੀ ਮੁਹਿੰਮ ਵਿਚ ਸ਼ਾਮਿਲ ਕਰਨ ਦੀ ਗੱਲ ਕਹੀ ਗਈ ਹੈ | ਇਹ ਜ਼ਮੀਨੀ ਪੱਧਰ 'ਤੇ ਲਾਗੂ ਹੋਣਾ ਚਾਹੀਦਾ ਹੈ | ਪੰਜਾਬ ਸਰਕਾਰ 15 ਦਿਨਾਂ ਵਿਚ ਪਿੰਡ ਪੱਧਰ 'ਤੇ ਨਸਬੰਦੀ ਮੁਹਿੰਮ ਸ਼ੁਰੂ ਕਰੇ | ਕੁੱਤੇ ਦੇ ਵੱਢਣ ਨਾਲ ਕਿਸਾਨ ਜਾਂ ਪਸ਼ੂ ਦੇ ਨੁਕਸਾਨ ਦਾ ਮੁਆਵਜ਼ਾ 50 ਹਜ਼ਾਰ ਤੈਅ ਕੀਤਾ ਜਾਵੇ ਹਰ ਬਲਾਕ ਵਿਚ ਇੱਕ ਮੋਬਾਈਲ ਵੈਟਰਨਰੀ ਵੈਨ ਸਿਰਫ਼ ਕੁੱਤਿਆਂ ਦੀ ਨਸਬੰਦੀ ਲਈ ਲਗਾਈ ਜਾਵੇ | ਨਾਲ ਹੀ ਜੋ ਲੋਕਾਂ ਨੇ ਪਾਲਤੂ ਕੁੱਤੇ ਰੱਖੇ ਹੋਏ ਹਨ | ਉਨਾਂ ਨੂੰ ਉਨਾਂ ਦਾ ਮਾਲਕ ਸੰਗਲੀ ਪਾ ਕੇ ਕਿਸੇ ਵਿਹਲੀ ਜਗਾ 'ਤੇ ਸੈਰ ਕਰਨ ਲਈ ਲੈ ਕੇ ਜਾਣ ਅਤੇ ਨਾਲ ਹੀ ਮੰਗ ਕਰਦੇ ਹਾਂ ਕਿ ਜੋ ਪੰਜਾਬ ਵਿਚ ਗੁਜ਼ਰ ਭਾਈਚਾਰਾ ਜਾਂ ਆਮ ਲੋਕ ਆਪਣੇ ਪਾਲਤੂ ਪਸ਼ੂਆਂ ਨੂੰ ਲੈ ਕੇ ਸੜਕਾਂ 'ਤੇ ਚਰਾਂਦ ਲਈ ਘੁੰਮਦੇ ਹਨ | ਉਨਾਂ ਨੂੰ ਸਖ਼ਤ ਹਦਾਇਤ ਨਾਲ ਰੋਕਿਆ ਜਾਵੇ ਕਿਉਂਕਿ ਇਸ ਤਰਾਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੇ ਲੈ ਕੇ ਘੁੰਮਣਾ ਕਾਨੂੰਨ ਅਪਰਾਧ ਹੈ | ਇਨਾਂ ਘੁੰਮ ਰਹੇ ਪਸ਼ੂਆਂ ਨਾਲ ਵੱਡੇ ਤੋਂ ਵੱਡੇ ਹਾਦਸੇ ਹੋ ਜਾਂਦੇ ਹਨ ਅਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ |