ਹਰਿਆਣਾ, 1 ਜੂਨ (ਹਰਮੇਲ ਸਿੰਘ ਖੱਖ)-ਸਕੂਲ ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ ਮੈਗਾ ਵਰਕਸ਼ਾਪ ਤੇ ਪੀ. ਟੀ. ਐਮ. ਵਾਲੇ ਦਿਨ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਿਰਫ਼ ਕਾਗ਼ਜ਼ੀ ਸਨਮਾਨ ਦਿੱਤੇ ਗਏ ਹਨ, ਜਦਕਿ ਅਸਲ 'ਚ ਸਨਮਾਨ ਦੇਣ ਦੀ ਲੋੜ ਹੈ | ਇਹ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਿ੍ਤਪਾਲ ਸਿੰਘ ਚੌਟਾਲਾ, ਸੀਨੀਅਰ ਮੀਤ ਪ੍ਰਧਾਨ ਅਮਰ ਸਿੰਘ ਨੇ ਕੀਤਾ | ਉਨ੍ਹਾਂ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਕਾਗ਼ਜ਼ੀ ਸਨਮਾਨ ਦੀ ਥਾਂ ਅਧਿਆਪਕ ਦਾ ਅਸਲ ਵਿਚ ਮਾਨ ਸਨਮਾਨ ਬਹਾਲ ਕਰਨ ਦੀ ਜ਼ਰੂਰੀ ਲੋੜ ਹੈ | ਪੰਜਾਬ ਸਰਕਾਰ ਨੇ ਸਕੂਲਾਂ ਦੇ ਬਹੁ-ਗਿਣਤੀ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿਚ ਲਗਾ ਕੇ ਦਰ-ਦਰ ਦੀ ਠੋਕਰਾਂ ਖਾਣ ਲਈ ਮਜਬੂਰ ਕੀਤਾ ਹੋਇਆ ਹੈ | ਅਧਿਆਪਕਾਂ ਦੀਆਂ ਪਦ-ਉੱਨਤੀਆਂ ਨਹੀਂ ਕੀਤੀਆਂ ਜਾ ਰਹੀਆਂ, ਅਧਿਆਪਕਾਂ ਨੂੰ 18 ਫ਼ੀਸਦੀ ਡੀ. ਏ. ਨਹੀਂ ਦਿੱਤਾ ਜਾ ਰਿਹਾ | ਅਧਿਆਪਕਾਂ ਦੀਆਂ ਵਿੱਤੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਨੇ ਅੱਗੇ ਮੰਗ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸੱਚ-ਮੁੱਚ ਹੀ ਅਧਿਆਪਕਾਂ ਨੂੰ ਪ੍ਰਸ਼ੰਸਾ ਦੇ ਪਾਤਰ ਬਣਾਉਣਾ ਚਾਹੁੰਦੀ ਹੈ ਤਾਂ ਪਹਿਲ ਦੇ ਆਧਾਰ 'ਤੇ ਅਧਿਆਪਕਾਂ ਦੀਆਂ ਵਿਭਾਗੀ ਤੇ ਵਿੱਤੀ ਮੰਗਾਂ ਦਾ ਹੱਲ ਕੀਤਾ ਜਾਵੇ, ਇਹੀ ਉਨ੍ਹਾਂ ਲਈ ਸੱਚਾ ਸਨਮਾਨ ਹੋਵੇਗਾ | ਇਸ ਮੌਕੇ ਕਮਲਦੀਪ ਸਿੰਘ, ਰਣਵੀਰ ਸਿੰਘ, ਸੰਜੀਵ ਕੁਮਾਰ ਕਲਸੀ, ਗੁਰਨਾਮ ਸਿੰਘ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ, ਰਜਿੰਦਰ ਸਿੰਘ, ਗੁਰਚਰਨ ਸਿੰਘ, ਦਵਿੰਦਰ ਸਿੰਘ, ਮਨਦੀਪ ਸਿੰਘ, ਇੰਦਰਜੀਤ ਸਿੰਘ ਤੇ ਹੋਰ ਹਾਜ਼ਰ ਸਨ |