ਸ਼ਾਮਚੁਰਾਸੀ, 1 ਜੂਨ (ਗੁਰਮੀਤ ਸਿੰਘ ਖ਼ਾਨਪੁਰੀ)-13 ਜੂਨ ਨੂੰ ਨਗਰ ਕੌਂਸਲ ਸ਼ਾਮਚੁਰਾਸੀ ਦੀਆਂ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਕਸਬਾ ਸ਼ਾਮਚੁਰਾਸੀ 'ਚ ਵੱਖ-ਵੱਖ ਪਾਰਟੀਆਂ ਵਲੋਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ | ਕਸਬੇ 'ਚ ਚੋਣਾਂ ਨੂੰ ਲੈ ਕੇ ਜਿਥੇ ਉਮੀਦਵਾਰਾਂ ਦੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉਥੇ ਹੀ ਬਾਜ਼ਾਰਾਂ ਤੇ ਸੱਥਾਂ ਵਿਚ ਵੀ ਚੋਣ ਚਰਚਾਵਾਂ ਛਿੜ ਗਈਆਂ ਹਨ | ਆਉਣ ਵਾਲੇ ਦਿਨਾਂ 'ਚ ਚੋਣ ਪ੍ਰਚਾਰ ਦੇ ਹੋਰ ਤੇਜ਼ ਹੋਣ ਦੀ ਪੂਰੀ ਉਮੀਦ ਹੈ | ਇਸ ਅਧੀਨ ਸਬ-ਤਹਿਸੀਲ ਸ਼ਾਮਚੁਰਾਸੀ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਤਿੰਨ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ | ਇਸ ਮੌਕੇ ਜਾਣਕਾਰੀ ਦਿੰਦਿਆਂ ਇਲੈੱਕਸ਼ਨ ਇੰਚਾਰਜ ਸੁਖਦੇਵ ਕਾਲਜ ਤੇ ਆਰ. ਓ. ਤਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਤਿੰਨ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ, ਜਿਨ੍ਹਾਂ 'ਚ ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਵਜੋਂ ਪੂਨਮ ਸ਼ਰਮਾ, ਵਾਰਡ ਨੰਬਰ 7 ਤੋਂ ਨਰਿੰਦਰ ਕੁਮਾਰ ਅਤੇ ਵਾਰਡ ਨੰਬਰ 8 ਤੋਂ ਰਾਜ ਕੁਮਾਰੀ ਦੋਵਾਂ ਨੇ ਬੀ. ਐੱਸ. ਪੀ. ਦੇ ਉਮੀਦਵਾਰਾਂ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਉਨ੍ਹਾਂ ਦੱਸਿਆ ਕਿ 3 ਜੂਨ ਤੱਕ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ, 4 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਤੇ 5 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਚੋਣ ਪ੍ਰਕਿਰਿਆ ਨੂੰ ਅਮਨ-ਅਮਾਨ ਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ |