ਦਸੂਹਾ, 1 ਜੂਨ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਪਿ੍ੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਦੀ ਯੋਗ ਅਗਵਾਈ ਹੇਠ 'ਅੱਤਵਾਦ ਵਿਰੋਧੀ ਦਿਵਸ' ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਇਸ ਵਿਸ਼ੇਸ਼ ਸਮਾਗਮ 'ਚ ਐੱਸ. ਪੀ. ਐਨ. ਕਾਲਜ ਮੁਕੇਰੀਆਂ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਡਾ. ਅਮਰਿੰਦਰ ਕੌਰ ਨੇ ਮੁੱਖ ਮਹਿਮਾਨ ਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਕਾਲਜ ਦੇ ਸੀਨੀਅਰ ਫੈਕਲਟੀ ਮੈਂਬਰਾਂ ਪ੍ਰੋਫੈਸਰ ਨਿਵੇਦਿਕਾ, ਡਾ. ਸੀਤਲ ਸਿੰਘ ਤੇ ਡਾ. ਮੁਕਤਾ ਸੋਨੀ ਨੇ ਮੁੱਖ ਮਹਿਮਾਨ ਡਾ. ਅਮਰਿੰਦਰ ਕੌਰ ਨੂੰ ਗੁਲਦਸਤਾ ਭੇਟ ਕਰਕੇ ਜੀ ਆਇਆਂ ਕਿਹਾ' | ਰਾਜਨੀਤੀ ਸ਼ਾਸਤਰ ਵਿਭਾਗ ਦੀ ਮੁਖੀ ਡਾ. ਮੁਕਤਾ ਸੋਨੀ ਨੇ ਸਮਾਗਮ ਦੇ ਉਦੇਸ਼ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ 'ਇਸ ਦਿਨ ਨੂੰ ਮਨਾਉਣ ਦਾ ਅਸਲ ਮਕਸਦ ਵਿਦਿਆਰਥੀਆਂ ਨੂੰ ਅੱਤਵਾਦ, ਹਿੰਸਾ ਅਤੇ ਕੱਟੜਵਾਦ ਦੇ ਵਧ ਰਹੇ ਖ਼ਤਰਿਆਂ ਬਾਰੇ ਜਾਗਰੂਕ ਕਰਨਾ ਹੈ | ਮੁੱਖ ਬੁਲਾਰੇ ਡਾ. ਅਮਰਿੰਦਰ ਕੌਰ ਨੇ ਆਪਣੇ ਸੰਬੋਧਨ 'ਚ 'ਸਸ਼ਕਤ ਭਾਰਤ, ਅੱਤਵਾਦ ਨੂੰ ਹਰਾਏਗਾ' ਦਾ ਨਾਅਰਾ ਬੁਲੰਦ ਕਰਦਿਆਂ ਕਿਹਾ ਕਿ ਇਹ ਇਕ ਅਜਿਹਾ ਸੰਕਲਪ ਹੈ ਜੋ ਇਕ ਮਜ਼ਬੂਤ ਅਤੇ ਆਤਮ-ਨਿਰਭਰ ਭਾਰਤ ਦੀ ਸਿਰਜਣਾ ਕਰਦਾ ਹੈ | ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਨ ਮੁਕਾਬਲੇ ਵੀ ਕਰਵਾਏ ਗਏ, ਜਿਸ 'ਚ ਦਕਸ਼ਿਤਾ ਨਾਇਰ, ਵੰਸ਼ਿਕਾ, ਅਦਿਤੀ, ਅੰਸ਼ਿਕਾ, ਦਮਨਦੀਪ ਕੌਰ, ਹਰਸਿਮਰਤ ਕੌਰ, ਵਸੁਧਾ, ਈਸ਼ਾ, ਸੁਪ੍ਰਭਾ ਅਤੇ ਆਸ਼ਮੀ ਨੇ ਆਪਣੇ ਜੋਸ਼ੀਲੇ ਭਾਸ਼ਨਾਂ ਰਾਹੀਂ ਸਭ ਦਾ ਮਨ ਮੋਹ ਲਿਆ | ਸਮੁੱਚੇ ਸਟੇਜ ਸਕੱਤਰ (ਮੰਚ ਸੰਚਾਲਨ) ਦੀ ਭੂਮਿਕਾ ਵਿਦਿਆਰਥਣ ਹਰਸਿਮਰਤ ਕੌਰ ਵਲੋਂ ਨਿਭਾਈ ਗਈ | ਪ੍ਰੋਫੈਸਰ ਨਿਵੇਦਿਕਾ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਹੁੰਦਾ ਹੈ | ਉਨ੍ਹਾਂ ਨੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ | ਸਮਾਗਮ ਦੇ ਅਖੀਰ ਵਿਚ ਮੁੱਖ ਬੁਲਾਰੇ ਡਾ. ਅਮਰਿੰਦਰ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਡਾ. ਧਰਮਿੰਦਰ ਸ਼ਰਮਾ, ਪ੍ਰੋ. ਭਾਵਨਾ, ਪ੍ਰੋ. ਕਵਨ ਸਿੰਘ, ਪ੍ਰੋ. ਵਿਵੇਕ ਸਮੇਤ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ |