ਮਾਹਿਲਪੁਰ, 11 ਜੂਨ (ਰਜਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨਤੀਜਿਆਂ 'ਚ ਖ਼ਾਲਸਾ ਕਾਲਜ ਮਾਹਿਲਪੁਰ ਦੇ ਕੰਪਿਊਟਰ ਵਿਭਾਗ ਵਿਚ ਚੱਲਦੇ ਕੋਰਸ ਐਮ. ਐਸ. ਸੀ. (ਆਈ. ਟੀ.) ਦੇ ਚੌਥੇ ਸਮੈਸਟਰ ਦੇ ਨਤੀਜੇ 'ਚ ਵਿਦਿਆਰਥੀ ਮਨਜੋਤ ਸਿੰਘ ਸੈਣੀ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ 'ਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਕਰਵਾਏ ਸਨਮਾਨ ਸਮਾਰੋਹ 'ਚ ਵਿਦਿਆਰਥੀ ਮਨਜੋਤ ਸਿੰਘ ਸੈਣੀ ਨੂੰ ਸਿੱਖ ਐਜੂਕੇਸ਼ਨਲ ਕੌਂਸਲ ਦੇ ਖ਼ਜ਼ਾਨਚੀ ਵੀਰਇੰਦਰ ਸ਼ਰਮਾ, ਪਿ੍ੰ. ਜਗਮੋਹਨ ਸਿੰਘ, ਕਾਲਜ ਦੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ, ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਗੁਰਪ੍ਰੀਤ ਕੌਰ ਤੇ ਸਟਾਫ਼ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਇਸੇ ਕੋਰਸ ਵਿਚ ਕਾਲਜ ਪੱਧਰ 'ਤੇ ਦੂਜੇ ਤੇ ਤੀਜੇ ਸਥਾਨ 'ਤੇ ਆਏ ਵਿਦਿਆਰਥੀਆਂ ਨੂੰ ਵੀ ਸਨਮਾਨਿਆ | ਉਨ੍ਹਾਂ ਦੱਸਿਆ ਕਿ ਵਿਦਿਆਰਥਣ ਸਿਮਰਨ ਨੇ 84 ਫ਼ੀਸਦੀ ਅੰਕਾਂ ਨਾਲ ਕਾਲਜ 'ਚੋਂ ਦੂਜਾ ਅਤੇ ਨਮਰਿਤਾ ਨੇ 83.9 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਸਨਮਾਨ ਮੌਕੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤੇ ਪੁਸਤਕਾਂ ਦੇ ਸੈੱਟ ਪ੍ਰਦਾਨ ਕੀਤੇ ਗਏ | ਇਸ ਦੌਰਾਨ ਪਿ੍ੰਸੀਪਲ ਸਮੇਤ ਕੰਪਿਊਟਰ ਵਿਭਾਗ ਦੇ ਸਮੂਹ ਅਧਿਆਪਕਾਂ ਅਤੇ ਹਾਜ਼ਰ ਸਟਾਫ਼ ਮੈਂਬਰਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ |