ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਮੈਟਰਨਲ ਡੈੱਥ ਰੀਵਿਊ (ਐਮ. ਡੀ. ਆਰ.) ਕਮੇਟੀ ਦੀ ਮਹੀਨਾਵਾਰ ਮੀਟਿੰਗ ਸਿਵਲ ਸਰਜਨ ਦਫ਼ਤਰ ਵਿਖੇ ਹੋਈ | ਮੀਟਿੰਗ ਦੌਰਾਨ ਮੈਟਰਨਲ ਡੈੱਥ ਕੇਸ ਦਾ ਵਿਸਥਾਰ ਨਾਲ ਰੀਵਿਊ ਕੀਤਾ | ਕੇਸ ਨਾਲ ਸੰਬੰਧਿਤ ਸਾਰੇ ਤੱਥਾਂ ਤੇ ਕਾਰਨਾਂ ਦੀ ਸਮੀਖਿਆ ਕਰਕੇ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਸੁਝਾਅ ਅਤੇ ਨਿਰਦੇਸ਼ ਜਾਰੀ ਕੀਤੇ ਗਏ | ਡਾ. ਮਨਦੀਪ ਕਮਲ ਨੇ ਕਿਹਾ ਕਿ ਹਰ ਮੈਟਰਨਲ ਡੈੱਥ ਤੋਂ ਸਬਕ ਲੈ ਕੇ ਸਿਹਤ ਸੇਵਾਵਾਂ 'ਚ ਹੋਰ ਸੁਧਾਰ ਲਿਆਉਣਾ ਐਮ. ਡੀ. ਆਰ. ਕਮੇਟੀ ਦਾ ਮੁੱਖ ਉਦੇਸ਼ ਹੈ | ਮੀਟਿੰਗ 'ਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ, ਗਾਇਨੀਕੋਲੋਜਿਸਟ, ਬਲਾਕ ਮੈਡੀਕਲ ਅਫ਼ਸਰ, ਮੈਡੀਕਲ ਅਫ਼ਸਰ, ਸਟਾਫ਼ ਨਰਸਾਂ, ਐਲ. ਐਚ. ਵੀ., ਏ. ਐਨ. ਐੱਮ. ਤੇ ਹੋਰ ਸੰਬੰਧਿਤ ਪੈਰਾਮੈਡੀਕਲ ਸਟਾਫ਼ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਜ਼ਿਲ੍ਹੇ 'ਚ ਮਾਤਾ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ ਗਈ ਤੇ ਮੈਟਰਨਲ ਮੌਤਾਂ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਉਨ੍ਹਾਂ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕੀਤੀ ਗਈ | ਡਾ. ਮਨਦੀਪ ਕਮਲ ਨੇ ਕਿਹਾ ਕਿ ਮਾਤਾ ਮੌਤ ਦਰ ਨੂੰ ਘਟਾਉਣਾ ਸਿਹਤ ਵਿਭਾਗ ਦੀ ਪ੍ਰਮੁੱਖ ਤਰਜੀਹ ਹੈ ਅਤੇ ਇਸ ਲਈ ਸਾਰੇ ਸਿਹਤ ਕਰਮਚਾਰੀਆਂ ਨੂੰ ਟੀਮ ਵਜੋਂ ਕੰਮ ਕਰਨ ਦੀ ਲੋੜ ਹੈ | ਉਨ੍ਹਾਂ ਹਦਾਇਤ ਕੀਤੀ ਕਿ ਹਰ ਗਰਭਵਤੀ ਮਹਿਲਾ ਦੀ ਰਜਿਸਟਰੇਸ਼ਨ ਗਰਭ ਅਵਸਥਾ ਦੇ ਸ਼ੁਰੂਆਤੀ ਪੜਾਅ ਵਿਚ ਹੀ ਯਕੀਨੀ ਬਣਾਈ ਜਾਵੇ ਅਤੇ ਪਹਿਲੇ, ਦੂਜੇ ਅਤੇ ਤੀਜੇ ਟਰਾਈਮੈਸਟਰ ਦੌਰਾਨ ਸਾਰੀਆਂ ਲਾਜ਼ਮੀ ਜਾਂਚਾਂ ਸਮੇਂ ਸਿਰ ਕਰਵਾਈਆਂ ਜਾਣ | ਉਨ੍ਹਾਂ ਰੈਫਰਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਕਿਸੇ ਵੀ ਗੰਭੀਰ ਮਰੀਜ਼ ਨੂੰ ਬਿਨਾਂ ਦੇਰੀ ਉੱਚ ਸਿਹਤ ਸੰਸਥਾ ਵਿਚ ਭੇਜਿਆ ਜਾਵੇ ਤਾਂ ਜੋ ਸਮੇਂ ਸਿਰ ਇਲਾਜ ਮਿਲ ਸਕੇ |