ਮਾਹਿਲਪੁਰ, 14 ਜੂਨ (ਰਜਿੰਦਰ ਸਿੰਘ)-ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੁਸਾਇਟੀ ਮਾਹਿਲਪੁਰ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਮਾਹਿਲਪੁਰ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਪਾਉਂਟਾ ਸਾਹਿਬ ਦੇ ਸਹਿਯੋਗ ਨਾਲ 15 ਜੂਨ ਤੱਕ ਲਗਾਏ ਗੁਰਮਤਿ ਸਿਖਲਾਈ ਕੈਂਪ ਦੌਰਾਨ ਸਨਮਾਨ ਸਮਾਰੋਹ ਕਰਵਾਇਆ | ਇਸ ਮੌਕੇ ਜਥੇਦਾਰ ਹਰਬੰਸ ਸਿੰਘ ਸਰਹਾਲਾ ਖ਼ੁਰਦ ਤੇ ਜਗਜੀਤ ਸਿੰਘ ਗਣੇਸ਼ਪੁਰ ਨੇ ਦੱਸਿਆ ਕਿ ਗੁਰਦੁਆਰਾ ਪਾਉਂਟਾ ਸਾਹਿਬ ਪਹੁੰਚ ਕੇ ਕੈਂਪ ਦੇ ਪਹਿਲੇ ਦਿਨ ਬੀਬੀ ਗਗਨਦੀਪ ਕੌਰ ਖ਼ਾਲਸਾ ਨੇ ਸਾਕਾ ਪਾਉਂਟਾ ਸਾਹਿਬ ਤੇ ਭੰਗਾਣੀ ਦੇ ਯੁੱਧ ਦੇ ਇਤਿਹਾਸ ਨਾਲ ਵਿਦਿਆਰਥੀਆਂ ਨੂੰ ਰੂਬਰੂ ਕਰਵਾਇਆ, ਕੈਂਪ ਦੇ ਦੂਜੇ ਦਿਨ ਭਾਈ ਰਾਜਪਾਲ ਸਿੰਘ ਅੰਮਿ੍ਤਸਰ ਨੇ ਗੁਰਮਤਿ ਇਕ ਸਹਿਣਸ਼ੀਲਤਾ ਦਾ ਮਾਰਗ ਤੇ ਪੰਜਾਬੀ ਵਿਸ਼ਾ ਮਾਹਿਰ ਜਗਤਾਰ ਸਿੰਘ ਸੋਖੀ ਨੇ ਫ਼ਿਰੋਜ਼ਪੁਰ ਪੰਜਾਬੀ ਖੁਸ਼ਕੱਤ ਅਤੇ ਪੰਜਾਬੀ ਅੱਖਰ ਕਾਰੀ ਵਿਸ਼ਿਆਂ ਤੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ | ਇਸ ਹੀ ਤਰ੍ਹਾਂ ਪੰਥ ਦੇ ਪ੍ਰਸਿੱਧ ਕਵੀ ਡਾ. ਹਰੀ ਸਿੰਘ ਜਾਚਕ ਨੇ ਵਿਦਿਆਰਥੀਆਂ ਨੂੰ ਕਵਿਤਾ ਸਿਰਜਣ ਤੇ ਕਵਿਤਾ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ | ਕੈਂਪ ਦੇ ਸੁਚੱਜੇ ਪ੍ਰਬੰਧ 'ਚ ਮੀਤ ਪ੍ਰਧਾਨ ਸਰਦਾਰ ਹਰਭਜਨ ਸਿੰਘ, ਮੈਨੇਜਰ ਜਗੀਰ ਸਿੰਘ, ਸੁਪਰਡੈਂਟ ਗੁਰਮੀਤ ਸਿੰਘ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ | ਗੁਰਮਤਿ ਸਿਖਲਾਈ ਕੈਂਪ 'ਚ ਬੱਚਿਆਂ ਦੀਆਂ ਨਿਤਨੇਮ, ਗੁਰਬਾਣੀ ਸੰਥਿਆ, ਦਸਤਾਰ ਸਿਖਲਾਈ ਤੇ ਸਿੱਖ ਮਾਰਸ਼ਲ ਆਰਟ ਗਤਕੇ ਦੀਆਂ ਕਲਾਸਾਂ ਲਗਵਾਈਆਂ ਜਾ ਰਹੀਆਂ ਹਨ | ਬੱਚਿਆਂ ਦੇ ਦਸਤਾਰ ਸਜਾਉਣ, ਪੇਂਟਿੰਗ, ਕੁਇਜ਼ ਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਮੌਕੇ ਮੈਡਮ ਸੁਰਿੰਦਰ ਕੌਰ ਖ਼ਾਲਸਾ, ਮੈਡਮ ਪਰਮਜੀਤ ਕੌਰ, ਮਨਦੀਪ ਕੌਰ, ਸੁਰਿੰਦਰ ਸਿੰਘ ਅਮਰੀਕ ਸਿੰਘ, ਮਨਮੀਤ ਸਿੰਘ ਪ੍ਰੋਫੈਸਰ ਕੁਲਦੀਪ ਸਿੰਘ, ਪਰਾਚੀ, ਵਿਨੇ ਕੁਮਾਰ, ਰਾਜਵਿੰਦਰ ਕੌਰ, ਜਤਿੰਦਰ ਸਿੰਘ ਜੈਤਪੁਰ, ਦਸਤਾਰ ਕੋਚ ਸਰਬਜੀਤ ਸਿੰਘ ਸਾਬੀ, ਪ੍ਰੋਫੈਸਰ ਕੁਲਦੀਪ ਸਿੰਘ, ਪਰਮਵੀਰ ਸਿੰਘ ਜੀ ਲਲੀਆਂ, ਗਗਨਦੀਪ ਸਿੰਘ ਜਿਆਣ, ਰਣਜੀਤ ਸਿੰਘ ਚੱਬੇਵਾਲ, ਬਲਬੀਰ ਸਿੰਘ ਮਨੌਲੀਆ, ਰਮਨਦੀਪ ਸਿੰਘ ਮਨੌਲੀਆ, ਮਨਪ੍ਰੀਤ ਸਿੰਘ ਭਾਰਟਾ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |