ਗੜ੍ਹਸ਼ੰਕਰ, 14 ਜੂਨ (ਧਾਲੀਵਾਲ)-ਗੜ੍ਹਸ਼ੰਕਰ ਦੇ ਸਭ ਤੋਂ ਪੁਰਾਣੇ ਮੰਨੇ ਜਾਂਦੇ ਆਜ਼ਾਦੀ ਤੋਂ ਬਾਅਦ ਕੁਝ ਸਾਲਾਂ ਬਾਅਦ ਸਾਲ 1955 'ਚ ਹੋਂਦ ਵਿਚ ਆਇਆ ਹੰਸ ਰਾਜ ਆਰੀਆ ਸਕੂਲ, ਗੜ੍ਹਸ਼ੰਕਰ ਪਿਛਲੇ ਕਈ ਸਾਲਾਂ ਤੋਂ ਆਪਣੀ ਹਾਲਤ 'ਤੇ ਅਥਰੂ ਵਆਹ ਰਿਹਾ ਸੀ | ਅਨੇਕਾਂ ਵਿਦਵਾਨਾਂ ਦੀ ਪੈਦਾਇਸ਼ ਗੜ੍ਹਸ਼ੰਕਰ ਦੇ ਦਹਾਕਿਆਂ ਪੁਰਾਣਾ ਇਹ ਸਕੂਲ ਭਾਵੇਂ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਪਰ ਸਰਕਾਰ ਵਲੋਂ ਕਦੇ ਵੀ ਮਾਲੀ ਮਦਦ ਨਾ ਆਉਣ ਇਸ ਸਕੂਲ ਦੀ ਬਿਲਡਿੰਗ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਿਗੜਦੀ ਆ ਰਹੀ ਸੀ | ਸਕੂਲ ਦਾ ਪ੍ਰਬੰਧ ਹੁਣ ਤਾਈਾ ਲੋਕ ਕਮੇਟੀ ਹੀ ਦੇਖਦੀ ਆ ਰਹੀ ਹੈ | ਕਮੇਟੀ ਵਿਚਲੇ ਸੂਝਵਾਨ ਸੱਜਣਾਂ ਦੀ ਬਦੌਲਤ ਹੁਣ ਗੜ੍ਹਸ਼ੰਕਰ ਦੇ ਇਸ ਸਕੂਲ ਦੀ ਹਾਲਤ ਸੁਧਾਰਨ ਭਾਵ ਸਕੂਲ ਦੀ ਨੁਹਾਰ ਬਦਲਣਾ ਦਾ ਬੀੜਾ ਲੋਕ ਕਮੇਟੀ ਨੇ ਚੁੱਕਿਆ ਹੈ | ਐੱਨ. ਆਰ. ਆਈ. ਤੇ ਹੋਰ ਦਾਨੀ ਸੱਜਣਾਂ ਤੋਂ ਸਹਿਯੋਗ ਦੀ ਆਸ ਨਾਲ ਸਕੂਲ ਕਮੇਟੀ ਨੇ ਸਕੂਲ ਦੇ ਸਭ ਤੋਂ ਪੁਰਾਣੇ ਵੱਡੇ ਹਾਲਤ ਦੀ ਛੱਤ ਬਦਲਣ ਦੇ ਨਾਲ-ਨਾਲ ਸਕੂਲ ਦੀ ਬਾਕੀ ਬਿਲਡਿੰਗ ਦਾ ਸੁਧਾਰ ਕਰਨ, ਤਾਕੀਆਂ, ਦਰਵਾਜਿਆਂ ਬਦਲਣ ਤੇ ਬਿਲਡਿੰਗ ਨੂੰ ਰੰਗ ਰੋਗਨ ਕਰਵਾਉਣ ਦਾ ਕਾਰਜ ਆਰੰਭ ਕੀਤੇ ਗਏ ਹਨ | ਇਸ ਸਾਰੇ ਮਾਮਲਿਆ ਬਾਰੇ ਕਮੇਟੀ ਦੇ ਸੀਨੀਅਰ ਮੈਂਬਰ ਡਾ. ਹਰਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਸਕੂਲ ਦੇ ਹਾਲ ਨੂੰ ਨਵਿਆਉਣ, ਰੰਗ ਰੋਗਨ ਤੇ ਲੱਕੜ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਖ ਤੌਰ 'ਤੇ ਸਕੂਲ ਦੀ ਬਿਲਡਿੰਗ ਦੇ ਸੁਧਾਰ, ਰੰਗ-ਰੋਗਨ ਆਦਿ ਸਾਰੇ ਕਾਰਜਾਂ 'ਤੇ ਕਰੀਬ 50 ਲੱਖ ਦੇ ਕਰੀਬ ਖਰਚ ਆਉਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਇਸ ਸਕੂਲ ਨੇ ਅਨੇਕਾਂ ਵਿਦਵਾਨ ਪੈਦਾ ਕੀਤੇ ਹਨ ਜੋ ਅੱਜ ਦੇਸ਼-ਵਿਦੇਸ਼ 'ਚ ਉੱਚ ਅਧਿਕਾਰੀਆਂ ਤੇ ਹੋਰ ਅਹੁਦਿਆਂ 'ਤੇ ਬਿਰਾਜ਼ਮਾਨ ਹੈ ਤੇ ਉਨ੍ਹਾਂ ਦੇ ਮਨਾਂ 'ਚ ਸਕੂਲ ਲਈ ਕੁਝ ਕਰਨ ਦੀ ਇੱਛਾ ਵੀ ਹੈ | ਅਜਿਹੇ ਸੱਜਣਾਂ ਦੇ ਸਹਿਯੋਗ ਤੇ ਸ਼ਹਿਰ ਵਾਸੀਆਂ, ਐੱਨ. ਆਰ. ਆਈਜ਼ ਦੇ ਸਹਿਯੋਗ ਨਾਲ ਇਸ ਸਕੂਲ ਦੀ ਬਿਲਡਿੰਗ ਦੀ ਨੁਹਾਰ ਬਦਲਣ, ਸਕੂਲ ਕੈਂਪਸ ਦਾ ਸੁਧਾਰ ਕਰਨ ਦੇ ਕਾਰਜ ਕੀਤੇ ਜਾਣਗੇ ਤੇ ਇਸ ਤੋਂ ਬਾਅਦ ਸਕੂਲ 'ਚ ਅਧਿਆਪਕਾਂ ਦੀ ਘਾਟ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਪਹਿਲੀ ਤੋਂ ਕਲਾਸਾਂ ਸ਼ੁਰੂ ਕਰਨ ਦੇ ਯਤਨ ਕੀਤੇ ਜਾਣਗੇ ਤਾਂ ਜੋ ਦਹਾਕਿਆਂ ਪੁਰਾਣਾ ਇਹ ਵਿੱਦਿਆ ਦਾ ਮੰਦਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਰਾਹ ਦਸੇਰਾ ਬਣਿਆ ਰਹੇ | ਇਸ ਮੌਕੇ ਕਮੇਟੀ ਮੈਂਬਰ ਸ਼ਸ਼ੀ ਖੰਨਾ ਨੇ ਕਿਹਾ ਕਿ ਸਕੂਲ ਦੇ ਸੁਧਾਰ ਲਈ ਪੜਾਅ ਦਰ ਪੜਾਅ ਕਾਰਜ ਕੀਤੇ ਜਾਣਗੇ | ਇਸ ਮੌਕੇ ਡਾ. ਹਰਬੰਸ ਲਾਲ ਸੈਣੀ ਤੇ ਵਿਜੇ ਹਾਂਡਾ ਨੇ ਕਿਹਾ ਕਿ ਸਕੂਲ ਦਾ ਸੁਧਾਰ ਕਰਨਾ ਸਮੇਂ ਦੀ ਲੋੜ ਹੈ |