ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਹੁਸ਼ਿਆਰਪੁਰ ਵਿਖੇ 1 ਜੁਲਾਈ ਤੋਂ ਉਰਦੂ ਆਮੋਜ਼ ਦੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ | ਇਸ ਸੰਬੰਧੀ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਉਰਦੂ ਬਹੁਤ ਪਿਆਰੀ ਜ਼ੁਬਾਨ ਹੈ | ਪੰਜਾਬੀ ਭਾਸ਼ਾ ਤੇ ਸਾਹਿਤ ਬਾਰੇ ਵਿਸਤਾਰ ਨਾਲ, ਗਿਆਨ ਹਾਸਿਲ ਕਰਨ ਲਈ ਉਰਦੂ ਭਾਸ਼ਾ ਸਿੱਖਣੀ ਬਹੁਤ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਇਸ ਛੇ ਮਹੀਨੇ ਦੇ ਪੂਰੇ ਕੋਰਸ ਦੀ ਫ਼ੀਸ ਕੇਵਲ 500 ਰੁਪਏ ਹੈ | ਇਸ ਕੋਰਸ ਦੇ ਪੂਰਾ ਹੋਣ ਉਪਰੰਤ ਭਾਸ਼ਾ ਵਿਭਾਗ ਪੰਜਾਬ ਵਲੋਂ ਇਸ ਦਾ ਪੇਪਰ ਲਿਆ ਜਾਂਦਾ ਹੈ ਤੇ ਪਾਸ ਹੋਣ ਵਾਲੇ ਸਿੱਖਿਆਰਥੀਆਂ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਜਾਂਦੇ ਹਨ | ਇਸ ਕੋਰਸ 'ਚ ਕਿਸੇ ਵੀ ਉਮਰ ਵਰਗ ਦੇ ਸਿੱਖਿਆਰਥੀ ਦਾਖ਼ਲਾ ਲੈ ਸਕਦੇ ਹਨ | ਉਰਦੂ ਆਮੋਜ਼ ਦੀ ਸਿਖਲਾਈ ਤੇ ਫਾਰਮ ਭਰਨ ਦੀ ਆਖ਼ਰੀ ਮਿਤੀ 30 ਜੂਨ ਹੈ | ਉਨ੍ਹਾਂ ਦੱਸਿਆ ਕਿ ਉਰਦੂ ਆਮੋਜ਼ ਸਿੱਖਣ ਵਾਲੇ ਵਿਦਿਆਰਥੀ ਆਪਣਾ ਦਾਖ਼ਲਾ ਫਾਰਮ ਭਰ ਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮਿੰਨੀ ਸਕੱਤਰੇਤ ਹੁਸ਼ਿਆਰਪੁਰ 'ਚ ਜਮ੍ਹਾਂ ਕਰਵਾ ਸਕਦੇ ਹਨ |