ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)-12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਪੁਲਿਸ ਲਾਈਨ ਗਰਾਊਂਡ, ਹੁਸ਼ਿਆਰਪੁਰ ਵਿਚ ਜ਼ਿਲ੍ਹਾ ਪੱਧਰੀ ਯੋਗ ਦਿਵਸ ਸਮਾਗਮ ਕਰਵਾਇਆ। ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਅਤੇ ਗੌਰਵਮਈ ਪਰੰਪਰਾ ਹੈ, ਜੋ ਅੱਜ ਸਰੀਰਕ, ਮਾਨਸਿਕ ਅਤੇ ਆਤਮਿਕ ਸ਼ੁੱਧਤਾ ਦਾ ਪ੍ਰਭਾਵਸ਼ਾਲੀ ਮਾਧਿਅਮ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭੱਜ-ਦੌੜ ਭਰੀ ਜੀਵਨ ਸ਼ੈਲੀ ਤੇ ਵਧਦੇ ਤਣਾਅ ਦੇ ਇਸ ਦੌਰ ਵਿਚ ਯੋਗ ਇਕ ਅਚੂਕ ਉਪਾਅ ਹੈ, ਜੋ ਵਿਅਕਤੀ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰੱਖਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ‘ਸੀ. ਐੱਮ. ਦੀ ਯੋਗਸ਼ਾਲਾ’ ਰਾਹੀਂ ਪੂਰੇ ਸੂਬੇ ਵਿਚ ਯੋਗ ਦੇ ਪ੍ਰਚਾਰ-ਪ੍ਰਸਾਰ ਲਈ ਲਗਾਤਾਰ ਯਤਨ ਕਰ ਰਹੀ ਹੈ। ਸੂਬੇ ਦੇ ਪ੍ਰਮੁੱਖ ਸ਼ਹਿਰਾਂ ਤੋਂ ਲੈ ਕੇ ਬਲਾਕ ਪੱਧਰ ਤੱਕ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿੱਥੇ ਹਜ਼ਾਰਾਂ ਲੋਕ ਨਿਯਮਿਤ ਤੌਰ ‘ਤੇ ਯੋਗ ਅਭਿਆਸ ਕਰ ਰਹੇ ਹਨ। ਪੁਲਿਸ ਲਾਈਨ ਗਰਾਊਂਡ ਵਿਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ 1500 ਤੋਂ ਵੱਧ ਲੋਕਾਂ ਨੇ ਸਮੂਹਿਕ ਯੋਗ ਅਭਿਆਸ ਕਰਕੇ ਸਿਹਤ ਅਤੇ ਅਨੁਸ਼ਾਸਨ ਪ੍ਰਤੀ ਆਪਣੀ ਜਾਗਰੂਕਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਯੋਗ ਮਾਹਿਰ ਡਾ. ਰੁਪਿੰਦਰਪ੍ਰੀਤ ਸਿੰਘ, ਡਾ. ਗਗਨ, ਡਾ. ਰਿਤੂ, ਡਾ. ਸ਼ੁਭਮ ਤੇ ਅੰਮ੍ਰਿਤ ਨੇ ਵੱਖ-ਵੱਖ ਯੋਗ ਆਸਨਾਂ, ਉਨ੍ਹਾਂ ਦੇ ਲਾਭਾਂ ਅਤੇ ਅਭਿਆਸ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਸੋਨਾਲੀਕਾ ਡਿਵਾਈਨ ਸੰਸਥਾ ਦੇ ਨੁਤਿੰਦਰ ਵਲੋਂ ਲਾਫਟਰ ਯੋਗ ਅਤੇ ਡਾਂਸ ਯੋਗ ਦਾ ਆਯੋਜਨ ਕੀਤਾ, ਜਿਸ ਨਾਲ ਹਾਜ਼ਰ ਲੋਕਾਂ ਵਿਚ ਉਤਸ਼ਾਹ ਤੇ ਨਵੀਂ ਊਰਜਾ ਦਾ ਸੰਚਾਰ ਹੋਇਆ। ਸਮਾਗਮ ਵਿਚ ਸਹਾਇਕ ਕਮਿਸ਼ਨਰ (ਜਨਰਲ) ਡਾ. ਸੁਮਿਤ ਮੂਧ, ਐੱਸ. ਡੀ. ਐੱਮ. ਪਰਮਪ੍ਰੀਤ ਸਿੰਘ, ਐੱਸ. ਪੀ. ਮਨਪ੍ਰੀਤ ਸ਼ੀਂਹਮਾਰ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਧਿਕਾਰੀ ਡਾ. ਸੁਰਿੰਦਰ ਪਾਲ ਕੌਰ, ਆਯੁਰਵੈਦਿਕ ਵਿਭਾਗ ਦੇ ਨੋਡਲ ਅਧਿਕਾਰੀ ਡਾ. ਹਰੀਸ਼ ਭਾਟੀਆ, ਡਾ. ਕਰੁਣਾ ਸ਼ਰਮਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।