ਗੜ੍ਹਦੀਵਾਲਾ, 10 ਜੁਲਾਈ (ਚੱਗਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਐੱਨ.ਸੀ.ਸੀ. ਦੇ ਕਮਾਂਡਿੰਗ ਅਫ਼ਸਰ ਕਰਨਲ ਲਵਦੀਪ ਸਿੰਘ ਸੈਣੀ ਨੇ ਪਹਿਲੀ ਵਾਰ ਕਾਲਜ ਦੇ ਐੱਨ.ਸੀ.ਸੀ. ਯੂਨਿਟ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੂਬੇਦਾਰ ਪਰਮਵੀਰ ਸਿੰਘ ਤੇ ਹਵਲਦਾਰ ਰਵਿੰਦਰ ਕੁਮਾਰ ਵੀ ਮੌਜੂਦ ਸਨ। ਕਾਲਜ ਪਹੁੰਚਣ ’ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਵੱਲੋਂ ਸਮੂਹ ਅਧਿਕਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਰਨਲ ਲਵਦੀਪ ਸਿੰਘ ਸੈਣੀ ਨੇ ਕਾਲਜ ਪ੍ਰਿੰਸੀਪਲ ਨਾਲ ਮੁਲਾਕਾਤ ਕਰਦਿਆਂ ਕਾਲਜ ਵਿਚ ਐੱਨ.ਸੀ.ਸੀ. ਦੀਆਂ ਗਤੀਵਿਧੀਆਂ, ਕੈਡਿਟਾਂ ਦੀ ਸਿਖਲਾਈ, ਸਰਵਪੱਖੀ ਵਿਕਾਸ ਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਉਪਰੰਤ ਉਨ੍ਹਾਂ ਨੇ ਕਾਲਜ ਦੇ ਐੱਨ.ਸੀ.ਸੀ. ਰੂਮ ਦਾ ਦੌਰਾ ਕਰਕੇ ਉੱਥੇ ਉਪਲਬਧ ਸਹੂਲਤਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਐੱਨ.ਸੀ.ਸੀ. ਕੈਡਿਟਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਐੱਨ.ਸੀ.ਸੀ. ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਐੱਨ.ਸੀ.ਸੀ. ਸਿਰਫ਼ ਇੱਕ ਸਿਖਲਾਈ ਪ੍ਰੋਗਰਾਮ ਨਹੀਂ, ਸਗੋਂ ਵਿਦਿਆਰਥੀਆਂ ਦੇ ਵਿਅਕਤਿਤਵ ਨਿਰਮਾਣ ਦਾ ਇੱਕ ਮਹੱਤਵਪੂਰਣ ਮਾਧਿਅਮ ਹੈ। ਕਾਲਜ ਪ੍ਰਬੰਧਕਾਂ ਵੱਲੋਂ ਕਮਾਂਡਿੰਗ ਅਫ਼ਸਰ ਕਰਨਲ ਲਵਦੀਪ ਸਿੰਘ ਸੈਣੀ, ਸੂਬੇਦਾਰ ਪਰਮਵੀਰ ਸਿੰਘ ਤੇ ਹਵਲਦਾਰ ਰਵਿੰਦਰ ਕੁਮਾਰ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ਵਾਸ ਪ੍ਰਗਟਾਇਆ ਗਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਕਾਲਜ ਦੀ ਐੱਨ.ਸੀ.ਸੀ. ਯੂਨਿਟ ਹੋਰ ਉੱਨਤੀ ਅਤੇ ਮਜ਼ਬੂਤੀ ਵੱਲ ਵਧੇਗੀ।