ਤਲਵਾੜਾ, 16 ਜੁਲਾਈ (ਮਨੀਸ਼ਾ ਮਹਿਤਾ)- ਕੰਢੀ ਖੇਤਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਰੱਖਿਆ ਸੇਵਾਵਾਂ ਵਿਚ ਅੱਗੇ ਵਧਾਉਣ ਦੇ ਮੰਤਵ ਨਾਲ ਰਾਜ ਸਭਾ ਮੈਂਬਰ ਹਰਭਜਨ ਸਿੰਘ ਵਲੋਂ ਸੀ-ਪਾਈਟ ਤਲਵਾੜਾ ਲਈ ਫ਼ੰਡ ਜਾਰੀ ਕੀਤੇ ਗਏ ਹਨ। ਸੀ-ਪਾਈਟ ਪੰਜਾਬ ਦੀ ਇੱਕ ਮਹੱਤਵਪੂਰਨ ਸੰਸਥਾ ਹੈ, ਜਿੱਥੇ ਨੌਜਵਾਨਾਂ ਨੂੰ ਫ਼ੌਜ, ਅਰਧ ਸੈਨਿਕ ਬਲਾਂ, ਪੁਲਿਸ ਅਤੇ ਹੋਰ ਸਰਕਾਰੀ ਭਰਤੀਆਂ ਲਈ ਮੁਫ਼ਤ ਪ੍ਰੀ-ਰਿਕਰੂਟਮੈਂਟ ਸਿਖਲਾਈ ਦਿੱਤੀ ਜਾਂਦੀ ਹੈ। (ਸੀ-ਪਾਈਟ ਪੰਜਾਬ) ਇਸ ਮੌਕੇ ਸੀਨੀਅਰ ਭਾਜਪਾ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਕੰਢੀ ਖੇਤਰ ਦੇ ਨੌਜਵਾਨਾਂ ਲਈ ਇਹ ਬਹੁਤ ਹੀ ਸ਼ਲਾਘਾਯੋਗ ਅਤੇ ਦੂਰਅੰਦੇਸ਼ੀ ਵਾਲਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ੰਡ ਨਾਲ ਸੀ-ਪਾਈਟ ਤਲਵਾੜਾ ਵਿਚ ਸਿਖਲਾਈ ਦੀਆਂ ਸਹੂਲਤਾਂ ਹੋਰ ਮਜ਼ਬੂਤ ਹੋਣਗੀਆਂ ਅਤੇ ਪੇਂਡੂ ਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਨੌਜਵਾਨਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਸ੍ਰੀ ਸਿੱਧੂ ਨੇ ਕਿਹਾ ਕਿ ਹਰਭਜਨ ਸਿੰਘ ਹਮੇਸ਼ਾ ਹੀ ਨੌਜਵਾਨਾਂ ਦੇ ਭਵਿੱਖ ਅਤੇ ਕੰਢੀ ਖੇਤਰ ਦੇ ਵਿਕਾਸ ਨੂੰ ਪਹਿਲ ਦਿੰਦੇ ਆਏ ਹਨ। ਉਨ੍ਹਾਂ ਵੱਲੋਂ ਦਿੱਤਾ ਗਿਆ ਇਹ ਯੋਗਦਾਨ ਨੌਜਵਾਨਾਂ ਨੂੰ ਦੇਸ਼ ਦੀਆਂ ਸੁਰੱਖਿਆ ਸੇਵਾਵਾਂ ਅਤੇ ਹੋਰ ਸਰਕਾਰੀ ਨੌਕਰੀਆਂ ਲਈ ਹੋਰ ਬਿਹਤਰ ਢੰਗ ਨਾਲ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਸੀ-ਪਾਈਟ ਵਰਗੀਆਂ ਸੰਸਥਾਵਾਂ ਅਨੁਸ਼ਾਸਨ, ਸਰੀਰਕ ਤੰਦਰੁਸਤੀ ਅਤੇ ਮੁਕਾਬਲੇ ਵਾਲੀਆਂ ਭਰਤੀਆਂ ਲਈ ਨੌਜਵਾਨਾਂ ਨੂੰ ਤਿਆਰ ਕਰਦੀਆਂ ਹਨ। ਇਸ ਲਈ ਅਜਿਹੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਸੀ-ਪਾਈਟ ਕੈਂਪਾਂ ਰਾਹੀਂ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾ ਚੁੱਕੀ ਹੈ ਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ। ਅੰਤ ਵਿਚ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਹਰਭਜਨ ਸਿੰਘ ਦਾ ਮੁੜ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਕੰਢੀ ਖੇਤਰ ਦੇ ਨੌਜਵਾਨਾਂ, ਸਿੱਖਿਆ, ਖੇਡਾਂ ਤੇ ਵਿਕਾਸ ਨਾਲ ਜੁੜੇ ਅਜਿਹੇ ਲੋਕ-ਹਿਤੈਸ਼ੀ ਉਪਰਾਲੇ ਲਗਾਤਾਰ ਜਾਰੀ ਰਹਿਣਗੇ।