ਨਸ਼ਿਆਂ ਵਿਰੁੱਧ ਜਾਗਰੂਕਤਾ ਸੰਬੰਧੀ ਭਾਸ਼ਨ ਮੁਕਾਬਲਾ
ਮੁਕੇਰੀਆਂ, 12 ਅਗਸਤ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਕਾਲਜ ਮੁਕੇਰੀਆਂ ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਦੇ ਮੌਕੇ ’ਤੇ ਰੈੱਡ ਰਿਬਨ ਕਲੱਬ, ਯੂਥ ਕਲੱਬ ਅਤੇ ਐਨ. ਸੀ.
ਮੁਕੇਰੀਆਂ, 12 ਅਗਸਤ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਕਾਲਜ ਮੁਕੇਰੀਆਂ ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਦੇ ਮੌਕੇ ’ਤੇ ਰੈੱਡ ਰਿਬਨ ਕਲੱਬ, ਯੂਥ ਕਲੱਬ ਅਤੇ ਐਨ.ਸੀ.ਸੀ. ਵੱਲੋਂ ਸਾਂਝੇ ਤੌਰ ’ਤੇ ਨਸ਼ਿਆਂ ਨੂੰ ਨਾਂਹ ਕਹੋ, ਜ਼ਿੰਦਗੀ ਨੂੰ ਹਾਂ ਕਹੋ’ ਵਿਸ਼ੇ ’ਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਨਸ਼ਾ-ਮੁਕਤ, ਸਿਹਤਮੰਦ ਤੇ ਜ਼ਿੰਮੇਵਾਰ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਸੀ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਨਸ਼ਿਆਂ ਦੇ ਸਰੀਰਕ, ਮਾਨਸਿਕ ਤੇ ਸਮਾਜਿਕ ਮਾੜੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ। ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਤੇ ਨੌਜਵਾਨ ਪੀੜ੍ਹੀ ਨੂੰ ਇਸ ਸਮਾਜਿਕ ਬੁਰਾਈ ਤੋਂ ਦੂਰ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਭਾਸ਼ਣ ਮੁਕਾਬਲੇ ਵਿੱਚ ਸਨਮਪ੍ਰੀਤ ਕੌਰ ਤੇ ਜਸ਼ਨਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਲ ਕੀਤਾ। ਮਸਕੀਨਾਂ ਨੇ ਦੂਜਾ ਸਥਾਨ ਤੇ ਇੰਦਰ ਕੁਮਾਰ ਜਸਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਮਾਜ ਵਿਚ ਨਸ਼ਾ-ਵਿਰੋਧੀ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਰੈੱਡ ਰਿਬਨ ਕਲੱਬ ਤੇ ਯੂਥ ਕਲੱਬ ਦੇ ਇੰਚਾਰਜ ਪ੍ਰੋ. ਅਨੁਰਾਧਾ, ਮੈਂਬਰ ਡਾ. ਗੁਰਪ੍ਰੀਤ ਕੌਰ ਤੇ ਐਨ.ਸੀ.ਸੀ. ਇੰਚਾਰਜ ਡਾ. ਗੋਪੀ ਸ਼ਰਮਾ ਨੇ ਮੁਕਾਬਲਾ ਕਰਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਕਾਲਜ ਪ੍ਰਬੰਧਕ ਕਮੇਟੀ ਤੇ ਕਾਲਜ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਵਲੋਂ ਸਮੇਂ-ਸਮੇਂ ’ਤੇ ਮਿਲਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ।