ਦੋ ਮਹੀਨੇ ਪਹਿਲਾਂ ਬਣੀ ਟਾਂਡਾ-ਗੜ੍ਹਦੀਵਾਲ ਸੜਕ ਥਾਂ-ਥਾਂ ਤੋਂ ਟੁੱਟੀ, ਮਟੀਰੀਅਲ ਦੀ ਗੁਣਵੱਤਾ ’ਤੇ ਉੱਠੇ ਸਵਾਲ
ਟਾਂਡਾ ਉੜਮੁੜ, 23 ਅਗਸਤ (ਕੁਲਬੀਰ ਸਿੰਘ ਗੁਰਾਇਆ)- ਟਾਂਡਾ ਤੋਂ ਗੜ੍ਹਦੀਵਾਲ ਨੂੰ ਜਾਣ ਵਾਲੀ ਸੜਕ, ਜੋ ਕਿ ਕਰੀਬ ਦੋ ਮਹੀਨੇ ਪਹਿਲਾਂ ਮੰਡੀ ਬੋਰਡ ਵਲੋਂ ਬਣਾਈ ਗਈ ਹੈ, ਹੁਣ ਥਾਂ-ਥਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ। ਇਸ ਨਵੀਂ ਬਣੀ ਸੜਕ ਦੀ ਹਾਲਤ ਨੂੰ ਦੇਖਦਿਆਂ ਲੋਕਾਂ ਵਲੋਂ ਇਸ ਦੇ ਨਿਰਮਾਣ ਵਿਚ ਵਰਤੇ ਗਏ ਮਟੀਰੀਅਲ ਦੀ ਗੁਣਵੱਤਾ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਟਾਂਡਾ ਉੜਮੁੜ, 23 ਅਗਸਤ (ਕੁਲਬੀਰ ਸਿੰਘ ਗੁਰਾਇਆ)- ਟਾਂਡਾ ਤੋਂ ਗੜ੍ਹਦੀਵਾਲ ਨੂੰ ਜਾਣ ਵਾਲੀ ਸੜਕ, ਜੋ ਕਿ ਕਰੀਬ ਦੋ ਮਹੀਨੇ ਪਹਿਲਾਂ ਮੰਡੀ ਬੋਰਡ ਵਲੋਂ ਬਣਾਈ ਗਈ ਹੈ, ਹੁਣ ਥਾਂ-ਥਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ। ਇਸ ਨਵੀਂ ਬਣੀ ਸੜਕ ਦੀ ਹਾਲਤ ਨੂੰ ਦੇਖਦਿਆਂ ਲੋਕਾਂ ਵਲੋਂ ਇਸ ਦੇ ਨਿਰਮਾਣ ਵਿਚ ਵਰਤੇ ਗਏ ਮਟੀਰੀਅਲ ਦੀ ਗੁਣਵੱਤਾ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਵੀਂ ਬਣੀ ਸੜਕ ਦਾ ਇੰਨੇ ਥੋੜ੍ਹੇ ਸਮੇਂ ਵਿਚ ਥਾਂ-ਥਾਂ ਤੋਂ ਖ਼ਰਾਬ ਹੋ ਜਾਣਾ ਆਪਣੇ ਆਪ ਵਿਚ ਜਾਂਚ ਦਾ ਵਿਸ਼ਾ ਹੈ। ਲੋਕਾਂ ਨੇ ਦੋਸ਼ ਲਗਾਇਆ ਕਿ ਜੇਕਰ ਸੜਕ ਨਿਰਮਾਣ ਦੌਰਾਨ ਮਿਆਰੀ ਮਟੀਰੀਅਲ ਅਤੇ ਨਿਰਧਾਰਿਤ ਮਾਪਦੰਡਾਂ ਦੀ ਪਾਲਨਾ ਕੀਤੀ ਜਾਂਦੀ ਤਾਂ ਸੜਕ ਦੀ ਇਹ ਹਾਲਤ ਨਾ ਬਣਦੀ। ਲੋਕਾਂ ਨੇ ਮੰਡੀ ਬੋਰਡ ਦੇ ਸਬੰਧਿਤ ਅਧਿਕਾਰੀਆਂ ਦੀ ਨਿਗਰਾਨੀ ਤੇ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸੜਕ ਬਣਾਉਣ ਸਮੇਂ ਕੰਮ ਦੀ ਗੁਣਵੱਤਾ ਦੀ ਸਹੀ ਢੰਗ ਨਾਲ ਜਾਂਚ ਕਰਨਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ਦੇ ਨਿਰਮਾਣ ਵਿਚ ਵਰਤੇ ਗਏ ਮਟੀਰੀਅਲ ਦੇ ਨਮੂਨੇ ਲੈ ਕੇ ਕਿਸੇ ਸੁਤੰਤਰ ਅਤੇ ਉੱਚ ਪੱਧਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ਲੋਕਾਂ ਵਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਸੜਕ ਦੀ ਲਾਗਤ, ਵਰਤੇ ਗਏ ਮਟੀਰੀਅਲ, ਕੰਮ ਦੀ ਮਨਜ਼ੂਰੀ ਤੇ ਠੇਕੇ ਦੀਆਂ ਸ਼ਰਤਾਂ ਦੀ ਪੂਰੀ ਜਾਂਚ ਕੀਤੀ ਜਾਵੇ। ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ ਜਾਂ ਠੇਕੇਦਾਰ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਰਕਾਰੀ ਪੈਸੇ ਦੀ ਹੋਈ ਕਥਿਤ ਬਰਬਾਦੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਇੱਥੇ ਵਰਨਣਯੋਗ ਹੈ ਕਿ ਇਹ ਸੜਕ ਬਣਨ ਤੋਂ ਕੁੱਝ ਹੀ ਦਿਨਾਂ ਵਿਚ ਟੁੱਟਣੀ ਸ਼ੁਰੂ ਹੋ ਗਈ ਸੀ ਜਿਸ ਦਾ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਠੇਕੇਦਾਰ ਕੋਲੋਂ ਪੈਚ ਵਰਕ ਕਰਵਾ ਦਿੱਤਾ ਸੀ ਪਰ ਅੱਜ ਦੋ ਮਹੀਨਿਆਂ ਬਾਅਦ ਫਿਰ ਇਹ ਸੜਕ ਥਾਂ-ਥਾਂ ਤੋਂ ਟੁੱਟ ਗਈ ਹੈ। ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਾ ਕਰਨ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਨਾ ਤਾਂ ਇਨ੍ਹਾਂ ਟੁੱਟੀਆਂ ਸੜਕਾਂ ਦੀ ਮੁਰੰਮਤ ਹੀ ਕਰਵਾ ਰਹੀ ਹੈ ਤੇ ਨਾ ਹੀ ਇਨ੍ਹਾਂ ਸੜਕਾਂ ਵਿਚ ਹੋਏ ਭ੍ਰਿਸ਼ਟਾਚਾਰ ਨੂੰ ਨੰਗਾ ਕਰ ਰਹੀ ਹੈ, ਉਨ੍ਹਾਂ ਮੰਗ ਕੀਤੀ ਕਿ ਸੜਕਾਂ ਦੇ ਨਿਰਮਾਣ ਵਿਚ ਹੋਈ ਘੁਟਾਲੇਬਾਜ਼ੀ ਦੀ ਜਾਂਚ ਕੀਤੀ ਜਾਵੇ ਅਤੇ ਭ੍ਰਿਸ਼ਟ ਠੇਕੇਦਾਰ ਅਤੇ ਵਿਭਾਗੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਸੜਕ ਦੀ ਮਾੜੀ ਗੁਣਵੱਤਾ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦੋ ਮਹੀਨੇ ਪਹਿਲਾਂ ਬਣੀ ਸੜਕ ਹੁਣੇ ਹੀ ਟੁੱਟਣ ਲੱਗ ਪਈ ਹੈ ਤਾਂ ਇਸ ਦੀ ਜ਼ਿੰਮੇਵਾਰੀ ਤੈਅ ਕਰਨਾ ਬੇਹੱਦ ਜ਼ਰੂਰੀ ਹੈ।